ਆਧੁਨਿਕ ਸਮੇਂ ਵਿੱਚ, ਜਿੱਥੇ ਅਸੀਂ ਜ਼ਿਆਦਾਤਰ ਬੈਠ ਕੇ ਕੰਮ ਕਰਦੇ ਹਾਂ, ਉੱਥੇ ਲੰਬੇ ਸਮੇਂ ਤੱਕ ਬੈਠਣ ਦੇ ਨੁਕਸਾਨ ਬਹੁਤ ਵੱਧ ਗਏ ਹਨ। ਭਾਵੇਂ ਦਫ਼ਤਰ ਵਿੱਚ ਜਾਂ ਘਰ ਵਿੱਚ, ਸਕ੍ਰੀਨ ਦੇ ਸਾਹਮਣੇ ਲਗਾਤਾਰ ਇੱਕ ਸਥਿਤੀ ਵਿੱਚ ਰਹਿਣ ਦੇ ਸਿਰਫ਼ ਬੇਅਰਾਮੀ ਨਾਲੋਂ ਜ਼ਿਆਦਾ ਖ਼ਤਰਨਾਕ ਨਤੀਜੇ ਹੋ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਬੈਠਣ ਨਾਲ ਮਸੂਕਲੋਸਕੇਲੇਟਲ ਸਿਸਟਮ ਪ੍ਰਭਾਵਿਤ ਹੁੰਦਾ ਹੈ, ਜਿਸ ਨਾਲ ਗਰਦਨ, ਮੋਢਿਆਂ ਅਤੇ ਪਿੱਠ ਦੇ ਹੇਠਲੇ ਹਿੱਸੇ ਦੀਆਂ ਮਾਸਪੇਸ਼ੀਆਂ ਵਿੱਚ ਅਕੜਾਅ ਆ ਸਕਦਾ ਹੈ। ਇਹ ਮਾੜੀ ਪੋਸ਼ਚਰ ਅਤੇ ਅਸੰਤੁਲਿਤ ਮਾਸਪੇਸ਼ੀਆਂ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦਾ ਹੈ, ਨਾਲ ਹੀ ਖੂਨ ਸੰਚਾਰ ਨੂੰ ਘਟਾ ਸਕਦਾ ਹੈ। ਇੰਨਾ ਹੀ ਨਹੀਂ, ਜ਼ਿਆਦਾ ਦੇਰ ਤੱਕ ਬੈਠਣ ਨਾਲ ਲੱਤਾਂ ਅਤੇ ਕੁੱਲ੍ਹੇ ਦੀਆਂ ਵੱਡੀਆਂ ਮਾਸਪੇਸ਼ੀਆਂ ਕਮਜ਼ੋਰ ਅਤੇ ਸੁੰਗੜ ਜਾਂਦੀਆਂ ਹਨ। ਇਹ ਵੱਡੀਆਂ ਮਾਸਪੇਸ਼ੀਆਂ ਤੁਰਨ ਅਤੇ ਤੁਹਾਡੇ ਸੰਤੁਲਨ ਲਈ ਮਹੱਤਵਪੂਰਨ ਹਨ। ਜੇਕਰ ਤੁਸੀਂ ਲੰਬੇ ਸਮੇਂ ਤੱਕ ਬੈਠੇ ਰਹਿੰਦੇ ਹੋ, ਤਾਂ ਤੁਹਾਡੇ ਕੁੱਲ੍ਹੇ ਅਤੇ ਪਿੱਠ ਕਮਜ਼ੋਰ ਹੋ ਸਕਦੇ ਹਨ। ਲਗਾਤਾਰ ਬੈਠਣ ਨਾਲ ਕਮਰ ਦੀਆਂ ਮਾਸਪੇਸ਼ੀਆਂ ਸੁੰਗੜ ਜਾਂਦੀਆਂ ਹਨ, ਜਿਸ ਨਾਲ ਜੋੜਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਨਾਲ ਹੀ, ਲਗਾਤਾਰ ਗਲਤ ਆਸਣ ਵਿੱਚ ਬੈਠਣ ਨਾਲ ਪਿੱਠ ਦੀ ਸਮੱਸਿਆ ਹੋ ਸਕਦੀ ਹੈ। ਖਰਾਬ ਆਸਣ ਰੀੜ੍ਹ ਦੀ ਹੱਡੀ ਲਈ ਵੀ ਹਾਨੀਕਾਰਕ ਹੈ, ਡਿਸਕ 'ਤੇ ਦਬਾਅ ਪੈਣ ਨਾਲ ਡਿਜਨਰੇਸ਼ਨ ਹੋ ਸਕਦਾ ਹੈ ਅਤੇ ਇਸ ਨਾਲ ਬਹੁਤ ਜ਼ਿਆਦਾ ਦਰਦ ਹੋ ਸਕਦਾ ਹੈ। ਜ਼ਿਆਦਾ ਬੈਠਣ ਨਾਲ ਪਾਚਨ ਕਿਰਿਆ ਠੀਕ ਨਹੀਂ ਹੁੰਦੀ, ਜਿਸ ਕਾਰਨ ਸਰੀਰ 'ਚ ਚਰਬੀ ਜਮ੍ਹਾ ਹੋ ਜਾਂਦੀ ਹੈ। ਜਿਹੜੇ ਲੋਕ ਬਹੁਤ ਜ਼ਿਆਦਾ ਬੈਠਦੇ ਹਨ, ਉਹ ਚਿੰਤਾ ਅਤੇ ਤਣਾਅ ਦਾ ਸ਼ਿਕਾਰ ਹੁੰਦੇ ਹਨ। ਸ਼ਾਇਦ ਇਸ ਲਈ ਕਿ ਸਰੀਰਕ ਤੌਰ 'ਤੇ ਸਰਗਰਮ ਨਾ ਰਹਿਣ ਕਾਰਨ ਉਨ੍ਹਾਂ ਨੂੰ ਫਿਟਨੈੱਸ ਦਾ ਲਾਭ ਨਹੀਂ ਮਿਲਦਾ। ਇਸ ਲਈ ਉੱਠਣਾ ਅਤੇ ਘੁੰਮਣਾ ਵੀ ਤੁਹਾਡੇ ਤਣਾਅ ਨੂੰ ਘਟਾ ਸਕਦਾ ਹੈ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬਹੁਤ ਜ਼ਿਆਦਾ ਬੈਠਣ ਨਾਲ ਫੇਫੜਿਆਂ, ਬੱਚੇਦਾਨੀ ਅਤੇ ਕੋਲਨ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ।