Chandipura virus: ਮਾਨਸੂਨ ਦੌਰਾਨ ਕਈ ਤਰ੍ਹਾਂ ਦੀਆਂ ਲਾਗਾਂ ਤੇਜ਼ੀ ਨਾਲ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹੀਂ ਦਿਨੀਂ ਗੁਜਰਾਤ ਅਤੇ ਰਾਜਸਥਾਨ ਵਿੱਚ ਇੱਕ ਜਾਨਲੇਵਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ।



ਬੱਚਿਆਂ 'ਚ ਫੈਲਣ ਵਾਲੇ ਇਸ ਇਨਫੈਕਸ਼ਨ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਡਰ ਬੈਠ ਗਿਆ ਹੈ। ਇਸ ਨਵੇਂ ਵਾਇਰਲ ਇਨਫੈਕਸ਼ਨ ਦਾ ਨਾਂ ਚਾਂਦੀਪੁਰਾ ਵਾਇਰਸ ਹੈ, ਜੋ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ।



ਪਿਛਲੇ ਕੁਝ ਦਿਨਾਂ ਵਿੱਚ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਇਸ ਵਾਇਰਸ ਨਾਲ ਸੰਕਰਮਿਤ ਬੱਚਿਆਂ ਦੇ ਮਾਮਲੇ ਸਾਹਮਣੇ ਆਏ ਹਨ। ਜਿਸ 'ਚ ਕਈ ਬੱਚਿਆਂ ਦੀ ਮੌਤ ਹੋ ਚੁੱਕੀ ਹੈ।



ਚਾਂਦੀਪੁਰਾ ਵਾਇਰਸ ਦੇ ਲੱਛਣ ਫਲੂ ਨਾਲ ਮਿਲਦੇ-ਜੁਲਦੇ ਹਨ, ਜਿਸ ਕਾਰਨ ਲੋਕ ਇਸ ਬੁਖਾਰ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਹ ਲਾਪਰਵਾਹੀ ਬੱਚਿਆਂ ਦੀ ਮੌਤ ਦਾ ਕਾਰਨ ਬਣ ਰਹੀ ਹੈ।



ਆਓ ਜਾਣਦੇ ਹਾਂ ਡਾਕਟਰ ਤੋਂ ਚਾਂਦੀਪੁਰਾ ਵਾਇਰਸ ਕਿੰਨਾ ਖਤਰਨਾਕ ਹੈ, ਇਸ ਦੇ ਲੱਛਣ ਕੀ ਹਨ ਅਤੇ ਬੱਚਿਆਂ ਨੂੰ ਇਸ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ?



ਚਾਂਦੀਪੁਰਾ ਵਾਇਰਸ ਇੱਕ ਦੁਰਲੱਭ ਅਤੇ ਖ਼ਤਰਨਾਕ ਬਿਮਾਰੀ ਹੈ ਜੋ ਬੁਖਾਰ, ਫਲੂ ਵਰਗੇ ਲੱਛਣਾਂ ਦੇ ਨਾਲ-ਨਾਲ ਤੀਬਰ ਇਨਸੇਫਲਾਈਟਿਸ (ਦਿਮਾਗ ਦੀ ਸੋਜ) ਦਾ ਕਾਰਨ ਬਣਦਾ ਹੈ। ਇਹ ਮੁੱਖ ਤੌਰ 'ਤੇ ਮੱਛਰਾਂ, ਚਿੱਚੜਾਂ ਅਤੇ ਰੇਤ ਦੀਆਂ ਮੱਖੀਆਂ ਰਾਹੀਂ ਫੈਲਦਾ ਹੈ।



ਇਸ ਰੋਗ 'ਚ ਅਕਸਰ ਤੇਜ਼ ਬੁਖਾਰ ਨਾਲ ਸ਼ੁਰੂ ਹੁੰਦਾ ਹੈ। ਇਸ ਤੋਂ ਇਲਾਵਾ, ਪੀੜਤ ਨੂੰ ਬੁਖਾਰ ਦੇ ਬਾਅਦ ਦੌਰੇ, ਦਸਤ ਅਤੇ ਉਲਟੀਆਂ ਵਰਗੇ ਲੱਛਣਾਂ ਦਾ ਅਨੁਭਵ ਹੁੰਦਾ ਹੈ। ਅਜਿਹੇ 'ਚ ਜੇਕਰ ਇਸ ਪ੍ਰਤੀ ਜਾਗਰੂਕਤਾ ਘੱਟ ਹੋਵੇ ਤਾਂ ਇਹ ਮੌਤ ਦਾ ਕਾਰਨ ਬਣ ਸਕਦੀ ਹੈ।



ਚਾਂਦੀਪੁਰਾ ਵਾਇਰਸ ਦਾ ਕੋਈ ਖਾਸ ਇਲਾਜ ਨਹੀਂ ਹੈ ਪਰ ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਹਸਪਤਾਲ 'ਚ ਦਾਖ਼ਲ ਹੋਣ ਦੇ ਨਾਲ-ਨਾਲ ਹੋਰ ਲੱਛਣਾਂ ਤੋਂ ਰਾਹਤ ਦਿਵਾਉਣ ਲਈ ਸਹੀ ਇਲਾਜ ਕੀਤਾ ਜਾ ਸਕਦਾ ਹੈ।



ਇਸ ਬਿਮਾਰੀ ਤੋਂ ਬਚਣ ਲਈ ਸਭ ਤੋਂ ਪਹਿਲਾਂ ਮੱਛਰਾਂ ਤੋਂ ਬਚਣਾ ਜ਼ਰੂਰੀ ਹੈ। ਮੱਛਰ ਸਿਰਫ਼ ਚਾਂਦੀਪੁਰਾ ਵਾਇਰਸ ਹੀ ਨਹੀਂ ਸਗੋਂ ਹੋਰ ਵੀ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।



ਅਜਿਹੀ ਸਥਿਤੀ ਵਿੱਚ, ਆਪਣੇ ਘਰ ਨੂੰ ਸਾਫ਼ ਰੱਖਣਾ ਅਤੇ ਮੱਛਰ ਦੇ ਕੱਟਣ ਤੋਂ ਆਪਣੇ ਅਤੇ ਆਪਣੇ ਬੱਚਿਆਂ ਨੂੰ ਬਚਾਉਣਾ ਜ਼ਰੂਰੀ ਹੈ।