ਕਿਸ਼ਮਿਸ਼ 'ਚ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਨ੍ਹਾਂ ਨੂੰ ਜੇਕਰ ਰਾਤ ਭਰ ਪਾਣੀ 'ਚ ਭਿਉਂ ਕੇ ਰੱਖਿਆ ਜਾਵੇ ਤਾਂ ਇਸ ਦੇ ਗੁਣ ਵੀ ਉਸ ਪਾਣੀ 'ਚ ਮਿਲ ਜਾਂਦੇ ਹਨ। ਸਵੇਰੇ ਇਸ ਦਾ ਸੇਵਨ ਕੀਤਾ ਜਾਵੇ ਤਾਂ ਸਰੀਰ ਨੂੰ ਬਹੁਤ ਸਾਰੇ ਲਾਭ ਪ੍ਰਾਪਤ ਹੁੰਦੇ ਹਨ। ਅਨੀਮੀਆ ਤੋਂ ਪੀੜਤ ਲੋਕਾਂ ਦੇ ਲਈ ਦਾਖਾਂ ਦਾ ਪਾਣੀ ਵਰਦਾਨ ਹੈ। ਸਰੀਰ 'ਚ ਆਇਰਨ ਦੀ ਕਮੀ ਅਨੀਮੀਆ ਦਾ ਕਾਰਨ ਬਣਦੀ ਹੈ। ਇਸ ਨਾਲ ਸਰੀਰ ਵਿੱਚ ਲਾਲ ਖੂਨ ਦੇ ਸੈੱਲ ਘੱਟ ਹੋਣੇ ਸ਼ੁਰੂ ਹੋ ਜਾਂਦੇ ਹਨ। ਦਾਖਾਂ 'ਚ ਆਇਰਨ ਪਾਇਆ ਜਾਂਦਾ ਹੈ ਜੋ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਦੂਰ ਕਰਦਾ ਹੈ ਤੇ ਅਨੀਮੀਆ ਦੀ ਸਮੱਸਿਆ ਤੋਂ ਬਚਾਉਂਦਾ ਹੈ। ਵਧਦੀ ਉਮਰ ਦੇ ਕਾਰਨ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਖਾਸ ਤੌਰ 'ਤੇ ਔਰਤਾਂ 'ਚ ਹੱਡੀਆਂ ਦੀ ਘਣਤਾ ਘੱਟ ਹੋਣ ਦੀ ਸਮੱਸਿਆ 30 ਸਾਲ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ। ਇਸ ਲਈ ਸਵੇਰੇ ਖਾਲੀ ਪੇਟ ਸੌਗੀ ਦਾ ਪਾਣੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸੌਗੀ ਦਾ ਪਾਣੀ ਸਰੀਰ ਨੂੰ ਡੀਟੌਕਸਫਾਈ ਕਰਨ 'ਚ ਕਾਫੀ ਮਦਦਗਾਰ ਸਾਬਤ ਹੁੰਦਾ ਹੈ। ਇਸ 'ਚ ਐਂਟੀ-ਆਕਸੀਡੈਂਟ ਅਤੇ ਹੋਰ ਤੱਤ ਪਾਏ ਜਾਂਦੇ ਹਨ, ਜੋ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੇ ਹਨ ਅਤੇ ਲੀਵਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਦਾਖਾਂ 'ਚ ਵਿਟਾਮਿਨ ਏ, ਈ ਅਤੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ। ਇਹ ਸਭ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਸੌਗੀ ਦਾ ਪਾਣੀ ਪੀਣ ਨਾਲ ਸਕਿਨ ਸਿਹਤਮੰਦ ਰਹਿੰਦੀ ਹੈ ਦਾਖਾਂ ਦੇ ਸੇਵਨ ਨਾਲ ਮੁਹਾਂਸੇ, ਫਾਈਨ ਲਾਈਨਜ਼ ਆਦਿ ਵੀ ਘੱਟ ਜਾਂਦੇ ਹਨ।