ਸਰਦੀਆਂ ਦਾ ਮੌਸਮ ਸਰੀਰ ਲਈ ਚੁਣੌਤੀ ਭਰਿਆ ਹੁੰਦਾ ਹੈ ਕਿਉਂਕਿ ਠੰਢ ਨਾਲ ਰੋਗ-ਰੋਕੂ ਸਮਰਥਾ ਕਮਜ਼ੋਰ ਹੋ ਸਕਦੀ ਹੈ।

ਇਸ ਲਈ ਖੁਰਾਕ ‘ਚ ਡ੍ਰਾਈ ਫਰੂਟਸ ਸ਼ਾਮਲ ਕਰਨਾ ਬਹੁਤ ਲਾਹੇਵੰਦ ਹੈ। ਬਾਦਾਮ, ਅਖਰੋਟ, ਕਾਜੂ ਤੇ ਅੰਜੀਰ ਸਰੀਰ ਨੂੰ ਗਰਮੀ ਦਿੰਦੇ ਹਨ, ਤਾਕਤ ਵਧਾਉਂਦੇ ਹਨ ਅਤੇ ਠੰਢ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।

ਸਰਦੀਆਂ ‘ਚ ਖਜੂਰ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਸਰੀਰ ਨੂੰ ਗਰਮ ਰੱਖਦਾ ਹੈ ਤੇ ਊਰਜਾ ਦਿੰਦਾ ਹੈ। ਇਸ ‘ਚ ਕੁਦਰਤੀ ਸ਼ੱਕਰ, ਪੋਟੈਸ਼ੀਅਮ ਤੇ ਮੈਗਨੀਸ਼ੀਅਮ ਹੁੰਦੇ ਹਨ ਜੋ ਸਰੀਰ ਦੀ ਗਰਮੀ ਬਣਾਈ ਰੱਖਣ ‘ਚ ਮਦਦ ਕਰਦੇ ਹਨ।

ਬਾਦਾਮ ਵਿਟਾਮਿਨ E, ਮੈਗਨੀਸ਼ੀਅਮ ਅਤੇ ਚੰਗੇ ਫੈਟ ਨਾਲ ਭਰਪੂਰ ਹੁੰਦੇ ਹਨ। ਇਹ ਸਰੀਰ ਦਾ ਤਾਪਮਾਨ ਸੰਤੁਲਿਤ ਰੱਖਦੇ ਹਨ, ਰੋਗ-ਰੋਕੂ ਸਮਰਥਾ ਵਧਾਉਂਦੇ ਹਨ ਅਤੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ।

ਅਖਰੋਟ ਸਰਦੀਆਂ ‘ਚ ਖਾਣ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ‘ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਦਿਲ ਤੇ ਦਿਮਾਗ ਦੀ ਸਿਹਤ ਲਈ ਵਧੀਆ ਹੈ। ਨਾਲ ਹੀ, ਅਖਰੋਟ ‘ਚ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ।

ਕਾਜੂ ਸਰਦੀਆਂ ‘ਚ ਖਾਣ ਲਈ ਬਹੁਤ ਲਾਭਦਾਇਕ ਹੁੰਦਾ ਹੈ।

ਇਸ ‘ਚ ਪ੍ਰੋਟੀਨ, ਜ਼ਿੰਕ ਅਤੇ ਮੈਗਨੀਸ਼ੀਅਮ ਹੁੰਦੇ ਹਨ ਜੋ ਇਮਿਊਨਿਟੀ ਵਧਾਉਂਦੇ ਹਨ ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਨਾਲ ਹੀ, ਕਾਜੂ ਹੱਡੀਆਂ, ਚਮੜੀ ਅਤੇ ਵਾਲਾਂ ਦੀ ਸਿਹਤ ਲਈ ਵੀ ਚੰਗਾ ਹੁੰਦਾ ਹੈ।

ਇਹਨਾਂ ਡ੍ਰਾਈ ਫਰੂਟਸ ਨੂੰ ਰਾਤ ਨੂੰ ਪਾਣੀ ਵਿੱਚ ਭਿੱਜ ਕੇ ਸਵੇਰੇ ਖਾਲੀ ਪੇਟ ਖਾਣਾ ਸਭ ਤੋਂ ਚੰਗਾ ਹੁੰਦਾ ਹੈ।

ਰੋਜ਼ ਇੱਕ ਮੁੱਠ ਭਿੱਜੇ ਬਾਦਾਮ, ਅਖਰੋਟ ਤੇ ਕਿਸਮਿਸ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਤੇ ਪੂਰਾ ਦਿਨ ਤੰਦਰੁਸਤ ਰਹਿੰਦਾ ਹੈ।