ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਬਦਾਮ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਹ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਔਰਤਾਂ ਨੂੰ ਪੀਰੀਅਡ ਕ੍ਰੈਂਪ ਤੋਂ ਰਾਹਤ ਦਿੰਦਾ ਹੈ। ਚਮੜੀ ਤੇ ਵਾਲਾਂ ਲਈ ਵਧੀਆ ਮੰਨਿਆ ਜਾਂਦਾ ਹੈ ਪਰ ਬਦਾਮ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਕਈ ਸਿਹਤ ਰਿਪੋਰਟਾਂ ਦੱਸਦੀਆਂ ਹਨ ਕਿ ਇੱਕ ਦਿਨ ਵਿੱਚ 30 ਗ੍ਰਾਮ ਭਾਵ ਲਗਪਗ 20-22 ਬਦਾਮ ਖਾਧੇ ਜਾ ਸਕਦੇ ਹਨ। ਇੰਨੇ ਬਦਾਮ ਖਾਣ ਨਾਲ ਸਰੀਰ ਨੂੰ ਪੋਸ਼ਕ ਤੱਤਾਂ ਦੀ ਭਰਪੂਰ ਮਾਤਰਾ ਮਿਲਦੀ ਹੈ। ਹੁਣ ਤੁਸੀਂ ਪੁੱਛੋਗੇ ਕਿ ਸਿਰਫ 20-22 ਬਦਾਮ ਹੀ ਕਿਉਂ ਖਾਣੇ ਚਾਹੀਦੇ ਹਨ? ਇੰਨੇ ਬਦਾਮ ਖਾਣ ਨਾਲ ਸਰੀਰ ਨੂੰ ਵਿਟਾਮਿਨ, ਖਣਿਜ, ਚਰਬੀ ਤੇ ਪ੍ਰੋਟੀਨ ਦੀ ਸਹੀ ਮਾਤਰਾ ਮਿਲਦੀ ਹੈ ਪਰ ਜੇਕਰ ਇਸ ਤੋਂ ਜ਼ਿਆਦਾ ਮਾਤਰਾ ਖਾਧੀ ਜਾਵੇ ਤਾਂ ਸਰੀਰ ਵਿੱਚ ਚਰਬੀ ਦੀ ਮਾਤਰਾ ਵੱਧ ਸਕਦੀ ਹੈ, ਜੋ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਭਾਰਤ ਵਿੱਚ 2 ਤੋਂ 5 ਬਦਾਮ ਖਾਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਆਯੁਰਵੇਦ ਵਿੱਚ ਕਿਹਾ ਗਿਆ ਹੈ ਕਿ ਬਦਾਮ ਗਰਮ ਹੁੰਦਾ ਹੈ ਜਿਸ ਕਾਰਨ ਵਿਅਕਤੀ ਨੂੰ ਵਾਤ ਤੇ ਕਫ ਦੋਸ਼ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਬਦਾਮ ਨੂੰ ਭਿਓਂ ਕੇ ਨਾ ਖਾਧਾ ਜਾਵੇ ਤਾਂ ਇਸ ਨਾਲ ਸਰੀਰ 'ਚ ਗਰਮੀ ਪੈਦਾ ਹੁੰਦੀ ਹੈ। ਇਸ ਕਾਰਨ ਐਸੀਡਿਟੀ ਤੇ ਸੋਜ ਹੋ ਸਕਦੀ ਹੈ। ਬਦਾਮ ਵਿੱਚ ਵਿਟਾਮਿਨ-ਈ, ਐਂਟੀਆਕਸੀਡੈਂਟ, ਫਾਈਬਰ ਤੇ ਮੋਨੋਸੈਚੁਰੇਟਿਡ ਫੈਟ ਹੁੰਦੇ ਹਨ ਜੋ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਬਦਾਮ ਖਾਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਇਨ੍ਹਾਂ ਨੂੰ ਸਾਦਾ ਖਾਓ ਕਿਉਂਕਿ ਇਨ੍ਹਾਂ ਵਿੱਚ ਕੁਦਰਤੀ ਤੇਲ ਤੇ ਪ੍ਰੋਟੀਨ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ। ਕੁਝ ਲੋਕ ਇਸ ਨੂੰ ਹਲਕਾ ਜਿਹਾ ਭੁੰਨ੍ਹ ਕੇ ਵੀ ਖਾਂਦੇ ਹਨ ਪਰ ਜੇਕਰ ਬਦਾਮ ਨੂੰ ਭੁੰਨ੍ਹਿਆ ਜਾਵੇ ਤਾਂ ਇਸ ਦੇ ਕਈ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਬਦਾਮ ਗਰਮ ਹੁੰਦੇ ਹਨ ਤੇ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਹਜ਼ਮ ਨਹੀਂ ਕਰ ਪਾਉਂਦੇ। ਇਸ ਲਈ ਉਨ੍ਹਾਂ ਨੂੰ ਬਦਾਮ ਭਿਓਂ ਕੇ ਖਾਣੇ ਚਾਹੀਦੇ ਹਨ।