ਅੱਜ ਕੱਲ ਡੈਸਕ ਵਰਕ ਹੋਣ ਕਰਕੇ ਲੋਕ 8 ਤੋਂ 9 ਘੰਟੇ ਕੰਮ ਕਰਦੇ ਹਨ। ਕਈ ਵਾਰ ਇਹ ਕੰਮ 12 ਘੰਟੇ ਤਕ ਵੀ ਰਹਿੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਬੈਠ ਕੇ ਡੈਸਕ ਦਾ ਕੰਮ ਕਰਨਾ ਪੈਂਦਾ ਹੈ। ਜਿਸ ਕਰਕੇ ਘੰਟਿਆਂ ਤੱਕ ਲਗਾਤਾਰ ਬੈਠਣਾ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਜਿਸ ਵਿੱਚੋਂ ਇੱਕ ਹੈ ਲੱਕ ਦਰਦ। ਜਿਨ੍ਹਾਂ ਲੋਕਾਂ ਦੀ ਕੁਰਸੀ 'ਤੇ ਲਗਾਤਾਰ ਬੈਠ ਕੇ ਕੰਮ ਕਰਨ ਵਾਲੀ ਨੌਕਰੀ ਹੁੰਦੀ ਹੈ, ਉਹ Back Pain ਤੋਂ ਪੀੜਤ ਰਹਿੰਦੇ ਹਨ। ਆਓ ਜਾਣਦੇ ਹਾਂ ਕੁੱਝ ਟਿਪਸ ਜਿਨ੍ਹਾਂ ਦੇ ਨਾਲ ਤੁਸੀਂ ਲੱਕ ਦਰਦ ਤੋਂ ਰਾਹਤ ਪਾ ਸਕਦੇ ਹੋ। ਜਦੋਂ ਕਿਸੇ ਨੂੰ ਲੰਮਾ ਸਮਾਂ ਕੰਮ ਕਰਨਾ ਪੈਂਦਾ ਹੈ ਤਾਂ ਬਹੁਤ ਸਾਰੇ ਲੋਕ ਝੁਕ ਕੇ ਬੈਠ ਜਾਂਦੇ ਹਨ। ਅਜਿਹੇ 'ਚ ਉਨ੍ਹਾਂ ਦਾ ਪੋਸਚਰ ਖਰਾਬ ਹੋ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪਿੱਠ ਦਰਦ ਤੇ ਕਮਰ ਦਰਦ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਦੇ ਲਈ ਸਹੀ ਪੋਸਚਰ 'ਚ ਬੈਠੋ, ਆਪਣੀ ਪਿੱਠ ਸਿੱਧੀ ਰੱਖੋ ਤੇ ਮੋਢਿਆਂ ਨੂੰ ਢਿੱਲਾ ਛੱਡੋ। ਆਪਣੀ ਕੁਰਸੀ ਦੀ ਉਚਾਈ ਇਸ ਤਰ੍ਹਾਂ ਰੱਖੋ ਕਿ ਤੁਹਾਡੇ ਪੈਰ ਜ਼ਮੀਨ ਨੂੰ ਛੂਹਣ ਤੇ ਤੁਹਾਡੇ ਗੋਡੇ ਚੂਲੇ ਦੀ ਉਚਾਈ 'ਤੇ ਹੋਣ। ਆਪਣੀ ਗਰਦਨ ਸਿੱਧੀ ਰੱਖੋ ਤੇ ਆਰਾਮਦਾਇਕ ਕੁਰਸੀ ਦੀ ਵਰਤੋਂ ਕਰੋ। ਲਗਾਤਾਰ 8-9 ਘੰਟੇ ਬੈਠਣਾ ਤੁਹਾਡੇ ਲਈ ਠੀਕ ਨਹੀਂ ਹੈ, ਇਸ ਲਈ ਕੋਸ਼ਿਸ਼ ਕਰੋ ਕਿ ਵਿਚਕਾਰ ਛੋਟਾ ਬ੍ਰੇਕ ਲਓ। ਇਸ ਵਿਚ ਤੁਸੀਂ ਸੈਰ ਕਰ ਸਕਦੇ ਹੋ ਜਾਂ ਕੋਈ ਕਸਰਤ ਕਰ ਸਕਦੇ ਹੋ। ਰੋਜ਼ਾਨਾ ਆਪਣੀ ਪਿੱਠ ਤੇ ਮੋਢਿਆਂ ਲਈ ਸਟ੍ਰੈਚਿੰਗ ਕਰੋ। ਇਸ ਨਾਲ ਮਾਸਪੇਸ਼ੀਆਂ ਦੇ ਤਣਾਅ ਨੂੰ ਘਟਾਉਣ 'ਚ ਮਦਦ ਮਿਲੇਗੀ।