ਗਰਮੀਆਂ ਦੇ ਮੌਸਮ 'ਚ ਸਰੀਰ ਨੂੰ ਠੰਡਾ ਰੱਖਣ ਲਈ ਕੋਲਡ ਡਰਿੰਕਸ ਦਾ ਸੇਵਨ ਕਰਨਾ ਆਮ ਗੱਲ ਹੈ। ਕਿਉਂਕਿ ਇਸ ਦੇ ਸੇਵਨ ਨਾਲ ਕੁੱਝ ਸਮੇਂ ਲਈ ਗਰਮੀ ਤੋਂ ਰਾਹਤ ਮਿਲ ਜਾਂਦੀ ਹੈ। ਇਹ ਸੱਚ ਹੈ ਕਿ ਕੋਲਡ ਡਰਿੰਕਸ ਦਾ ਜ਼ਿਆਦਾ ਸੇਵਨ ਤੁਹਾਨੂੰ ਬਿਮਾਰ ਕਰ ਸਕਦਾ ਹੈ। ਖਾਸਕਰ ਸ਼ੂਗਰ ਦੇ ਮਰੀਜ਼ਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਪੂਰੀ ਤਰ੍ਹਾਂ ਦੂਰ ਰਹਿਣਾ ਚਾਹੀਦਾ ਹੈ ਹੈਲਥਲਾਈਨ ਦੀ ਰਿਪੋਰਟ ਮੁਤਾਬਕ ਕੋਲਡ ਡਰਿੰਕਸ ਦਾ ਜ਼ਿਆਦਾ ਸੇਵਨ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਸੋਡਾ ਸਮੇਤ ਮਿੱਠੇ ਪੀਣ ਵਾਲੇ ਪਦਾਰਥਾਂ ਵਿੱਚ ਪੌਸ਼ਟਿਕ ਤੱਤਾਂ ਦੀ ਮਾਤਰਾ ਨਹੀਂ ਹੁੰਦੀ ਹੈ। ਜ਼ਿਆਦਾ ਮਾਤਰਾ 'ਚ ਖੰਡ ਦਾ ਸੇਵਨ ਕਰਨ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਜ਼ਿਆਦਾ ਕੈਲੋਰੀ ਸਰੀਰ ਦਾ ਭਾਰ ਵਧਾ ਸਕਦੀ ਹੈ ਅਤੇ ਕਈ ਬਿਮਾਰੀਆਂ ਦਾ ਖ਼ਤਰਾ ਵਧਾ ਸਕਦੀ ਹੈ। ਇਸ ਤੋਂ ਇਲਾਵਾ ਇਸਦੇ ਸੇਵਨ ਨਾਲ ਪੇਟ 'ਤੇ ਚਰਬੀ ਜਮ੍ਹਾ ਹੋ ਸਕਦੀ ਹੈ। ਕੋਲਡ ਡਰਿੰਕ 'ਚ ਬਹੁਤ ਜ਼ਿਆਦਾ ਫਰਕਟੋਜ਼ ਹੁੰਦਾ ਹੈ, ਜਿਸ ਕਾਰਨ ਪੇਟ ਦੇ ਆਲੇ-ਦੁਆਲੇ ਚਰਬੀ ਜਮ੍ਹਾ ਹੋ ਸਕਦੀ ਹੈ। ਇਸ ਨੂੰ ਵਿਸਰਲ ਫੈਟ ਜਾਂ ਬੇਲੀ ਫੈਟ ਕਿਹਾ ਜਾਂਦਾ ਹੈ। ਜਿਸ ਕਰਕੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਕਈ ਖੋਜਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੋਲਡ ਡਰਿੰਕਸ ਦਾ ਜ਼ਿਆਦਾ ਸੇਵਨ ਨਾਨ-ਅਲਕੋਹਲਿਕ ਫੈਟੀ ਲਿਵਰ ਰੋਗ ਦਾ ਖਤਰਾ ਵਧਾਉਂਦਾ ਹੈ। ਦਰਅਸਲ, ਬਹੁਤ ਜ਼ਿਆਦਾ ਕੋਲਡ ਡਰਿੰਕਸ ਪੀਣ ਨਾਲ ਸਰੀਰ ਵਿਚ ਇਨਸੁਲਿਨ ਪ੍ਰਤੀਰੋਧ ਪੈਦਾ ਹੋ ਸਕਦਾ ਹੈ, ਜਿਸ ਨਾਲ ਬਲੱਡ ਸ਼ੂਗਰ ਵਧ ਜਾਂਦੀ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਕੋਲਡ ਡਰਿੰਕਸ ਪੀਂਦੇ ਹੋ, ਤਾਂ ਤੁਹਾਡੇ ਸੈੱਲ ਇਨਸੁਲਿਨ ਦੇ ਪ੍ਰਭਾਵਾਂ ਪ੍ਰਤੀ ਘੱਟ ਸੰਵੇਦਨਸ਼ੀਲ ਹੋ ਸਕਦੇ ਹਨ।