ਇਨ੍ਹੀਂ ਦਿਨੀਂ ਨੌਜਵਾਨਾਂ 'ਚ ਆਪਣੇ ਸਰੀਰ 'ਤੇ ਟੈਟੂ ਬਣਵਾਉਣ ਦਾ ਕਾਫੀ ਕ੍ਰੇਜ਼ ਹੈ। ਜਿਸ ਕਰਕੇ ਯੁਵਾ ਦੇਖੋ-ਦੇਖੀ ਦੇ ਵਿੱਚ ਆਪਣੇ ਸਰੀਰ ਉੱਤੇ ਟੈਟੂ ਗੁੰਦਵਾ ਲੈਂਦੇ ਹਨ। ਪਰ ਇਸ ਦੇ ਨੁਕਸਾਨ ਵੀ ਹੋ ਸਕਦੇ ਹਨ। ਪਰ ਲੋਕ ਇਸ ਤੋਂ ਹੋਣ ਵਾਲੇ ਨੁਕਸਾਨ ਤੋਂ ਬੇਖਬਰ ਹੋ ਕੇ ਇਸ ਨੂੰ ਬਣਵਾਉਂਦੇ ਰਹਿੰਦੇ ਹਨ। ਅਜਿਹਾ ਇੱਕ ਹੋਰ ਮਾਮਲਾ ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਤੋਂ ਆਇਆ ਹੈ। ਜਿੱਥੇ ਟੈਟੂ ਬਣਵਾਉਣ ਤੋਂ ਬਾਅਦ 26 ਲੋਕਾਂ ਦੇ ਐੱਚਆਈਵੀ (HIV) ਨਾਲ ਸੰਕਰਮਿਤ ਹੋਣ ਦਾ ਸ਼ੱਕ ਹੈ। ਕੇਸ ਸਟੱਡੀ ਅਤੇ ਪਿਛਲੇ ਹਿਸਟਰੀ ਦੇ ਆਧਾਰ 'ਤੇ, ਟੈਟੂ ਬਣਵਾਉਣ ਤੋਂ ਬਾਅਦ ਐੱਚਆਈਵੀ ਦੀ ਲਾਗ ਹੋਣ ਦੀ ਸੰਭਾਵਨਾ ਹੈ। ਇੱਕੋ ਸੂਈ ਨਾਲ ਵਾਰ-ਵਾਰ ਟੈਟੂ ਬਣਾਉਣ ਨਾਲ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ। ਇਸ ਦੌਰਾਨ ਡਾਕਟਰਾਂ ਦੀ ਟੀਮ ਨੇ ਸਸਤੀਆਂ ਦੁਕਾਨਾਂ ਅਤੇ ਭੀੜ ਵਾਲੀਆਂ ਥਾਵਾਂ 'ਤੇ ਟੈਟੂ ਬਣਵਾਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਡਾਕਟਰਾਂ ਮੁਤਾਬਕ ਟੈਟੂ ਬਣਾਉਣ ਵਾਲੇ ਗਲਤ ਸੂਈਆਂ ਦੀ ਵਰਤੋਂ ਕਰ ਰਹੇ ਹਨ। ਟੈਟੂ ਬਣਾਉਣ ਲਈ ਵਰਤੀ ਜਾਣ ਵਾਲੀ ਸੂਈ ਦੀ ਕੀਮਤ 1200 ਰੁਪਏ ਪ੍ਰਤੀ ਸੂਈ ਹੈ। ਇਸ ਦੇ ਬਾਵਜੂਦ 200 ਰੁਪਏ ਵਿੱਚ ਚੌਰਾਹਿਆਂ ’ਤੇ ਟੈਟੂ ਬਣਵਾਏ ਜਾ ਰਹੇ ਹਨ। ਇਸ ਦਾ ਮਤਲਬ ਹੈ ਕਿ ਸਿਹਤ ਨਾਲ ਸਿੱਧਾ ਖਿਲਵਾੜ ਕੀਤਾ ਜਾ ਰਿਹਾ ਹੈ। ਸੂਈ ਦੀ ਵਾਰ-ਵਾਰ ਵਰਤੋਂ ਵੀ ਇਨਫੈਕਸ਼ਨ ਦਾ ਵੱਡਾ ਕਾਰਨ ਹੈ।