ਵਿਗਿਆਨੀ ਕਾਫੀ ਸਮੇਂ ਤੋਂ ਚੇਤਾਵਨੀ ਦੇ ਰਹੇ ਹਨ ਕਿ ਨੀਂਦ ਦੀ ਘਾਟ ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ।



ਹਾਲ ਹੀ ਵਿੱਚ ਸਵੀਡਨ ਦੀ ਉੱਪਸਾਲਾ ਯੂਨੀਵਰਸਿਟੀ ਵੱਲੋਂ ਕੀਤੇ ਗਏ ਇੱਕ ਅਧਿਐਨ ਵਿੱਚ ਖੋਜਕਰਤਾਵਾਂ ਨੇ ਪਾਇਆ ਕਿ ਜੇਕਰ ਕੋਈ ਵਿਅਕਤੀ ਸਿਰਫ਼ 3 ਦਿਨਾਂ ਤੱਕ ਹਰ ਰਾਤ ਕੇਵਲ 4 ਘੰਟੇ ਨੀਂਦ ਲੈਂਦਾ ਹੈ, ਤਾਂ ਇਹ ਖੂਨ ਵਿੱਚ ਖ਼ਤਰਨਾਕ ਬਦਲਾਅ ਪੈਦਾ ਕਰ ਸਕਦਾ ਹੈ।

ਇਹ ਬਦਲਾਅ ਸਿੱਧੇ ਤੌਰ 'ਤੇ ਦਿਲ ਦੀਆਂ ਬਿਮਾਰੀਆਂ ਦੇ ਵਧੇ ਹੋਏ ਖ਼ਤਰੇ ਨਾਲ ਜੁੜੇ ਹੋਏ ਹਨ।

ਖੋਜਕਰਤਾਵਾਂ ਨੇ ਖੂਨ 'ਚ ਇੱਕ ਐਸਾ ਪ੍ਰੋਟੀਨ ਲੱਭਿਆ ਹੈ ਜੋ ਸਰੀਰ ਵਿੱਚ ਸੋਜ ਪੈਦਾ ਕਰਦਾ ਹੈ। ਇਹ ਪ੍ਰੋਟੀਨ ਉਸ ਵੇਲੇ ਬਣਦਾ ਹੈ ਜਦੋਂ ਅਸੀਂ ਤਣਾਅ ਵਿੱਚ ਹੁੰਦੇ ਹਾਂ ਜਾਂ ਬਿਮਾਰ ਹੋਣ ਕਰਕੇ ਸਰੀਰ ਪ੍ਰਭਾਵਿਤ ਹੁੰਦਾ ਹੈ।

ਜਦੋਂ ਤੁਹਾਡੇ ਖੂਨ 'ਚ ਪ੍ਰੋਟੀਨ ਦਾ ਪੱਧਰ ਜ਼ਿਆਦਾ ਸਮੇਂ ਤੱਕ ਉੱਚਾ ਰਹਿੰਦਾ ਹੈ, ਤਾਂ ਇਹ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਦਿਲ ਦੀ ਕਮਜ਼ੋਰੀ, ਗੰਭੀਰ ਦਿਲ ਦੀ ਬਿਮਾਰੀ ਅਤੇ ਦਿਲ ਦੀ ਧੜਕਣ ਦਾ ਅਨਿਯਮਿਤ ਹੋਣ ਦਾ ਖਤਰਾ ਵਧ ਜਾਂਦਾ ਹੈ।

ਖੋਜ ’ਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੇ ਦੋ ਰੁਟੀਨਾਂ ਦੀ ਪਾਲਣਾ ਕੀਤੀ, ਜਿਸ ’ਚ ਇਕ ਸਮੂਹ ਨੇ 3 ਰਾਤਾਂ ਲਈ ਆਮ ਨੀਂਦ (ਸਾਢੇ 8 ਘੰਟੇ) ਲਈ ਅਤੇ ਦੂਜੇ ਸਮੂਹ ਨੇ 3 ਰਾਤਾਂ ਲਈ ਸਿਰਫ 4 ਘੰਟੇ ਅਤੇ 25 ਮਿੰਟ ਦੀ ਨੀਂਦ ਲਈ।



ਖੋਜਕਰਤਾਵਾਂ ਨੇ ਪਾਇਆ ਕਿ ਆਮ ਤੌਰ ’ਤੇ ਕਸਰਤ ਇੰਟਰਲਿਊਕਿਨ-6 ਅਤੇ ਬੀ.ਡੀ.ਐੱਨ.ਐੱਫ. ਦੇ ਪੱਧਰ ਨੂੰ ਵਧਾਉਂਦੀ ਹੈ, ਜੋ ਦਿਮਾਗ ਅਤੇ ਦਿਲ ਦੀ ਸਿਹਤ ਲਈ ਮਹੱਤਵਪੂਰਨ ਬਿਲਡਿੰਗ ਬਲਾਕ ਹਨ।



ਇਹ ਸਿਹਤਮੰਦ ਪ੍ਰੋਟੀਨ ਨੂੰ ਵਧਾਉਂਦਾ ਹੈ, ਜਦ ਕਿ ਨੀਂਦ ਦੀ ਘਾਟ ਕਾਰਨ ਇਹ ਪ੍ਰੋਟੀਨ ਘੱਟ ਜਾਂਦੇ ਹਨ।



ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹ ਬਦਲਾਅ ਨੌਜਵਾਨਾਂ, ਸਿਹਤਮੰਦ ਬਾਲਗਾਂ ਅਤੇ ਉਨ੍ਹਾਂ ਲੋਕਾਂ ’ਚ ਦੇਖੇ ਗਏ, ਜਿਨ੍ਹਾਂ ਨੂੰ ਦੋ ਦਿਨ ਪੂਰੀ ਨੀਂਦ ਨਹੀਂ ਆਈ।