ਝੁਲਸਾ ਦੇਣ ਵਾਲ ਗਰਮੀ ਤੋਂ ਬਚਣ ਲਈ AC ਦੀ ਖੂਬ ਵਰਤੋਂ ਹੋ ਰਹੀ ਹੈ। ਜਿਸ ਕਾਰਨ ਲੋਕ ਸਾਰਾ ਦਿਨ ਆਪਣੇ ਘਰਾਂ ਅਤੇ ਦਫ਼ਤਰਾਂ ਵਿੱਚ AC ਵਿੱਚ ਹੀ ਰਹਿੰਦੇ ਹਨ। ਏਸੀ ਦੀ ਠੰਡੀ ਹਵਾ ਸਾਨੂੰ ਗਰਮੀ ਤੋਂ ਰਾਹਤ ਦਵਾਉਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤੁਹਾਡੀ ਚਮੜੀ ਦੀ ਸਿਹਤ ਦੇ ਲਈ ਸਹੀ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੱਕ AC ਦੀ ਹਵਾ 'ਚ ਰਹਿਣ ਨਾਲ ਤੁਹਾਡੀ ਚਮੜੀ 'ਤੇ ਕਈ ਮਾੜੇ ਪ੍ਰਭਾਵ ਪੈ ਸਕਦੇ ਹਨ। ਏਸੀ ਦੀ ਹਵਾ 'ਚ ਨਮੀ ਨਹੀਂ ਰਹਿੰਦੀ, ਜਿਸ ਕਾਰਨ ਚਮੜੀ ਦੀ ਨਮੀ ਵੀ ਖਤਮ ਹੋ ਜਾਂਦੀ ਹੈ। ਇਸ ਕਾਰਨ ਚਮੜੀ ਖੁਸ਼ਕ ਤੇ ਖਿੱਚੀ ਹੋਈ ਮਹਿਸੂਸ ਹੁੰਦੀ ਹੈ। ਘੱਟ ਨਮੀ ਦੇ ਕਾਰਨ, ਚਮੜੀ ਖੁਸ਼ਕ ਅਤੇ ਫਲੈਕੀ ਹੋ ਜਾਂਦੀ ਹੈ, ਬੁੱਲ੍ਹ ਫੱਟ ਸਕਦੇ ਹਨ ਅਤੇ ਅੱਖਾਂ ਵਿੱਚ ਵੀ ਖੁਸ਼ਕੀ ਆ ਜਾਂਦੀ ਹੈ। ਪਸੀਨਾ ਆਉਣਾ ਸਿਰਫ਼ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਕਰਨ ਦਾ ਕੰਮ ਨਹੀਂ ਕਰਦਾ ਸਗੋਂ ਇਹ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਵੀ ਬਾਹਰ ਕੱਢਦਾ ਹੈ। ਪਰ AC ਦੀ ਠੰਡੀ ਹਵਾ ਪਸੀਨੇ ਨੂੰ ਰੋਕਦੀ ਹੈ, ਜਿਸ ਕਾਰਨ ਜ਼ਹਿਰੀਲੇ ਪਦਾਰਥ ਬਾਹਰ ਨਹੀਂ ਨਿਕਲ ਪਾਉਂਦੇ, ਜੋ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। AC 'ਚ ਰਹਿਣ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਖੁਸ਼ਕ ਚਮੜੀ ਹੋਣ ਨਾਲ ਐਲਰਜੀ ਅਤੇ ਇਨਫੈਕਸ਼ਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਚਮੜੀ ਦੇ ਕੁਦਰਤੀ ਤੇਲ ਦੀ ਕਮੀ ਹੋਣ ਲੱਗਦੀ ਹੈ। ਲੋੜ ਪੈਣ 'ਤੇ ਹੀ AC ਚਲਾਓ। ਜੇ ਹੋ ਸਕੇ ਤਾਂ ਦੋ-ਤਿੰਨ ਘੰਟਿਆਂ ਬਾਅਦ AC ਬੰਦ ਕਰ ਦਿਓ। ਇਸ ਦੀ ਬਜਾਏ, ਤੁਸੀਂ ਕੁਝ ਸਮੇਂ ਲਈ ਪੱਖਾ ਜਾਂ ਕੂਲਰ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਗਰਮੀ ਨਹੀਂ ਲੱਗੇਗੀ ਅਤੇ AC ਦੇ ਸਾਈਡ ਇਫੈਕਟ ਵੀ ਘੱਟ ਹੋਣਗੇ। ਏਸੀ ਦੀ ਹਵਾ ਕਾਰਨ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਕੋਮਲ ਕਲੀਜ਼ਰ, ਟੋਨਰ, ਮਾਇਸਚਰਾਈਜ਼ਰ ਅਤੇ ਸਨਸਕ੍ਰੀਨ ਦੀ ਵਰਤੋਂ ਕਰੋ। ਜੇ ਹੋ ਸਕੇ ਤਾਂ ਨਾਰੀਅਲ ਦਾ ਤੇਲ ਲਗਾ ਲਓ। ਆਪਣੀ ਖੁਰਾਕ 'ਚ ਅਜਿਹੇ ਭੋਜਨ ਸ਼ਾਮਲ ਕਰੋ ਜੋ ਤੁਹਾਡੀ ਚਮੜੀ ਲਈ ਫਾਇਦੇਮੰਦ ਹਨ, ਜਿਵੇਂ ਕਿ ਵਿਟਾਮਿਨ ਏ, ਸੀ ਅਤੇ ਈ ਅਤੇ ਓਮੇਗਾ-3 ਫੈਟੀ ਐਸਿਡ ਚਮੜੀ ਲਈ ਬਹੁਤ ਜ਼ਰੂਰੀ ਹਨ। ਤੁਸੀਂ ਹਿਊਮਿਡੀਫਾਇਰ ਦੀ ਵਰਤੋਂ ਕਰ ਸਕਦੇ ਹੋ ਤਾਂ ਜੋ ਹਵਾ 'ਚ ਨਮੀ ਬਣੀ ਰਹੇ ਅਤੇ ਚਮੜੀ ਦੀ ਖੁਸ਼ਕੀ ਦੀ ਸਮੱਸਿਆ ਘੱਟ ਜਾਵੇ।