ਜੇਕਰ ਤੁਸੀਂ ਪਿਛਲੇ ਕੁੱਝ ਸਮੇਂ ਤੋਂ ਛੋਟੀਆਂ-ਛੋਟੀਆਂ ਗੱਲਾਂ ਭੁੱਲ ਰਹੇ ਹੋ ਜਾਂ ਆਪਣੀਆਂ ਹੀ ਕਹੀਆਂ ਗੱਲਾਂ ਨੂੰ ਯਾਦ ਰੱਖਣਾ ਮੁਸ਼ਕਲ ਹੋ ਰਿਹਾ ਹੈ ਤਾਂ ਇਹ 'Brain fog' ਹੋ ਸਕਦਾ ਹੈ।

ਇਸ ਵਿੱਚ ਅਕਸਰ ਯਾਦਦਾਸ਼ਤ ਕਮਜ਼ੋਰ ਹੋਣਾ, ਇਕਾਗਰਤਾ ਦੀ ਕਮੀ, ਜਾਣਕਾਰੀ ਨੂੰ ਸਮਝਣ ਵਿੱਚ ਦਿੱਕਤ, ਹਰ ਵੇਲੇ ਥਕਾਵਟ ਰਹਿਣਾ ਅਤੇ ਮਨ ਵਿੱਚ ਫਾਲਤੂ ਵਿਚਾਰ ਆਉਣਾ ਸ਼ਾਮਲ ਹੈ।

ਸਰਦੀਆਂ 'ਚ ਤਣਾਅ, ਕੰਮ ਦਾ ਜ਼ਿਆਦਾ ਬੋਝ, ਨੀਂਦ ਦੀ ਕਮੀ, ਇਨਫੈਕਸ਼ਨ ਅਤੇ ਪੋਸ਼ਣ ਦੀ ਘਾਟ ਕਾਰਨ ਬ੍ਰੇਨ ਫੌਗ ਦੇ ਮਾਮਲੇ ਵਧੇ ਹਨ।

ਬ੍ਰੇਨ ਫੌਗ 'ਚ ਤਣਾਅ ਕਾਰਨ ਬਲੱਡ ਪ੍ਰੈਸ਼ਰ ਵੱਧਦਾ ਹੈ, ਜਿਸ ਨਾਲ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ ਅਤੇ ਥਕਾਵਟ ਮਹਿਸੂਸ ਹੁੰਦੀ ਹੈ।

ਕਈ ਵਾਰ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ ਅਤੇ ਵਿਅਕਤੀ ਦੀ ਜ਼ਬਾਨ ਵੀ ਲੜਖੜਾਉਣ ਲੱਗਦੀ ਹੈ।

ਨਿਊਰੋ ਸਰਜਰੀ ਵਿਭਾਗ ਦੇ ਮੁਖੀ ਡਾ. ਮਨੀਸ਼ ਸਿੰਘ ਅਨੁਸਾਰ, ਬ੍ਰੇਨ ਫੌਗ ਕੋਈ ਬਿਮਾਰੀ ਨਹੀਂ ਹੈ, ਸਗੋਂ ਇਹ ਭੰਬਲਭੂਸੇ, ਭੁੱਲਣ ਦੀ ਆਦਤ ਅਤੇ ਇਕਾਗਰਤਾ ਦੀ ਕਮੀ ਦਾ ਪ੍ਰਤੀਕ ਹੈ।

ਇਸ ਦਾ ਮੁੱਖ ਕਾਰਨ ਹਾਰਮੋਨਸ ਦਾ ਅਸੰਤੁਲਨ ਹੈ। ਜੇਕਰ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਇਹ ਮੋਟਾਪਾ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ।

ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਧਨੰਜੇ ਚੌਧਰੀ ਨੇ ਦੱਸਿਆ ਕਿ ਇਹ ਸਮੱਸਿਆ ਜ਼ਿਆਦਾਤਰ ਉਨ੍ਹਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ ਜੋ ਸਮਾਰਟਫੋਨ, ਟੈਬਲੇਟ ਅਤੇ ਕੰਪਿਊਟਰ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ।

ਇਸ ਨਾਲ ਉਨ੍ਹਾਂ ਦੀ ਨੀਂਦ ਪ੍ਰਭਾਵਿਤ ਹੁੰਦੀ ਹੈ ਅਤੇ ਤਣਾਅ ਕਾਰਨ ਹਾਰਮੋਨਸ ਵਿਗੜ ਜਾਂਦੇ ਹਨ।

ਬ੍ਰੇਨ ਫੌਗ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਵਿਅਕਤੀ ਨੂੰ ਸੋਚਣ, ਸਮਝਣ ਅਤੇ ਧਿਆਨ ਕੇਂਦਰਿਤ ਕਰਨ ਵਿੱਚ ਦਿੱਕਤ ਆਉਂਦੀ ਹੈ। ਇਸ ਦੇ ਮੁੱਖ ਲੱਛਣਾਂ ਵਿੱਚ ਨੀਂਦ ਨਾ ਆਉਣਾ (ਅਨਿੰਦਰਾ), ਲਗਾਤਾਰ ਸਿਰ ਦਰਦ, ਊਰਜਾ ਦੀ ਕਮੀ ਜਾਂ ਹਰ ਵੇਲੇ ਥਕਾਵਟ ਮਹਿਸੂਸ ਹੋਣਾ, ਚਿੜਚਿੜਾਪਨ ਅਤੇ ਗੱਲਾਂ ਭੁੱਲ ਜਾਣਾ ਸ਼ਾਮਲ ਹਨ।

ਇਸ ਤੋਂ ਇਲਾਵਾ, ਕਿਸੇ ਵੀ ਕੰਮ ‘ਤੇ ਧਿਆਨ ਕੇਂਦਰਿਤ ਕਰਨਾ ਮੁਸ਼ਕਲ ਹੋ ਜਾਂਦਾ ਹੈ, ਜਿਸ ਨਾਲ ਰੋਜ਼ਾਨਾ ਦੀ ਜ਼ਿੰਦਗੀ ਅਤੇ ਕੰਮਕਾਜ ਪ੍ਰਭਾਵਿਤ ਹੁੰਦਾ ਹੈ।

ਬ੍ਰੇਨ ਫੌਗ ਤੋਂ ਬਚਾਅ ਲਈ ਰੋਜ਼ਾਨਾ ਦੀਆਂ ਕੁਝ ਆਦਤਾਂ ਵਿੱਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ। ਮੋਬਾਈਲ ਅਤੇ ਕੰਪਿਊਟਰ ਦੀ ਵਰਤੋਂ ਘੱਟ ਕਰਕੇ ਸਕ੍ਰੀਨ ਟਾਈਮ ਘਟਾਓ।

ਆਪਣੇ ਕੰਮ ਲਈ ਸਮਾਂ ਨਿਰਧਾਰਿਤ ਕਰੋ ਅਤੇ ਇੱਕ ਸਮੇਂ ‘ਤੇ ਇੱਕ ਹੀ ਕੰਮ ਕਰਨ ਦੀ ਕੋਸ਼ਿਸ਼ ਕਰੋ। ਨਿਯਮਿਤ ਤੌਰ ‘ਤੇ ਯੋਗ ਅਤੇ ਪ੍ਰਾਣਾਯਾਮ ਕਰੋ, ਇਸ ਨਾਲ ਮਨ ਸ਼ਾਂਤ ਰਹਿੰਦਾ ਹੈ।

ਸੰਤੁਲਿਤ ਖ਼ੁਰਾਕ ਖਾਓ ਅਤੇ ਪੂਰੀ ਨੀਂਦ ਲਓ ਤਾਂ ਜੋ ਸਰੀਰ ਅਤੇ ਦਿਮਾਗ ਤੰਦਰੁਸਤ ਰਹਿਣ।

ਇਸ ਦੇ ਨਾਲ ਹੀ, ਆਪਣੇ ਮਨ ਦੀਆਂ ਗੱਲਾਂ ਪਰਿਵਾਰ ਜਾਂ ਦੋਸਤਾਂ ਨਾਲ ਸਾਂਝੀਆਂ ਕਰੋ, ਇਸ ਨਾਲ ਤਣਾਅ ਘਟਦਾ ਹੈ।