ਇਕ ਸਟੱਡੀ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ Art and Craft, ਜਿਵੇਂ ਕਿ ਸਿਲਾਈ, ਬੁਣਾਈ, ਕ੍ਰੋਸੈਟਿੰਗ ਆਦਿ ਨਾ ਸਿਰਫ਼ ਮਨੋਰੰਜਕ ਹਨ, ਸਗੋਂ ਇਹ ਸਾਡੀ ਮਾਨਸਿਕ ਸਿਹਤ ਨੂੰ ਵੀ ਬਿਹਤਰ ਬਣਾਉਂਦੇ ਹਨ। ਬ੍ਰਿਟੇਨ 'ਚ 7,000 ਤੋਂ ਵੱਧ ਲੋਕਾਂ ਉੱਤੇ ਕੀਤੀ ਗਈ ਇੱਕ ਖੋਜ 'ਚ ਪਾਇਆ ਗਿਆ ਕਿ ਜੋ ਲੋਕ ਆਰਟ ਐਂਡ ਕਰਾਫਟ 'ਚ ਸ਼ਾਮਲ ਹੁੰਦੇ ਹਨ, ਉਹ ਜੀਵਨ ਵਿਚ ਵਧੇਰੇ ਖੁਸ਼, ਵਧੇਰੇ ਸੰਤੁਸ਼ਟ ਤੇ ਵਧੇਰੇ ਸਕਾਰਾਤਮਕ ਮਹਿਸੂਸ ਕਰਦੇ ਹਨ। ਜਦੋਂ ਅਸੀਂ ਆਰਟ ਐਂਡ ਕਰਾਫਟ 'ਚ ਰੁੱਝੇ ਹੁੰਦੇ ਹਾਂ ਤਾਂ ਸਾਡਾ ਧਿਆਨ ਪੂਰੀ ਤਰ੍ਹਾਂ ਉਸ ਕੰਮ 'ਤੇ ਫੋਕਸ ਹੋ ਜਾਂਦਾ ਹੈ। ਇਹ ਸਾਨੂੰ ਸਾਡੀਆਂ ਰੋਜ਼ਾਨਾ ਦੀਆਂ ਚਿੰਤਾਵਾਂ ਤੇ ਤਣਾਅ ਤੋਂ ਦੂਰ ਲੈ ਜਾਂਦਾ ਹੈ। ਇਹ ਇਕ ਤਰ੍ਹਾਂ ਦਾ ਧਿਆਨ ਹੈ ਜੋ ਸਾਡੇ ਮਨ ਨੂੰ ਸ਼ਾਂਤ ਕਰਦਾ ਹੈ। ਕਲਾ ਅਤੇ ਸ਼ਿਲਪਕਾਰੀ ਸਾਨੂੰ ਆਪਣੀ ਕ੍ਰਿਏਟੀਵਿਟੀ ਦਰਸਾਉਣ ਦਾ ਮੌਕਾ ਦਿੰਦੇ ਹਨ। ਜਦੋਂ ਅਸੀਂ ਕੁੱਝ ਨਵਾਂ ਬਣਾਉਂਦੇ ਹਾਂ ਤਾਂ ਸਾਨੂੰ ਇੱਕ ਖਾਸ ਸੰਤੁਸ਼ਟੀ ਮਿਲਦੀ ਹੈ। ਕੁੱਝ ਨਵਾਂ ਬਣਾਉਣ ਦਾ ਵੱਖਰਾ ਹੀ ਉਤਸ਼ਾਹ ਅਤੇ ਜੋਸ਼ ਹੁੰਦਾ ਹੈ। ਜਦੋਂ ਅਸੀਂ ਆਪਣੀ ਕ੍ਰਿਏਟੀਵਿਟੀ ਰਾਹੀਂ ਕੁਝ ਸੁੰਦਰ ਬਣਾਉਂਦੇ ਹਾਂ ਤਾਂ ਸਾਡਾ ਆਤਮ-ਵਿਸ਼ਵਾਸ ਵਧਦਾ ਹੈ। ਆਰਟ ਐਂਡ ਕਰਾਫਟ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨ ਦਾ ਸੁਰੱਖਿਅਤ ਤੇ ਅਸਰਦਾਰ ਤਰੀਕਾ ਹੈ। ਬਹੁਤ ਸਾਰੇ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਬਜ਼ੁਰਗ ਔਰਤਾਂ ਆਰਟ ਐਂਡ ਕਰਾਫਟ 'ਚ ਲੱਗੇ ਰਹਿ ਕੇ ਆਪਣੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਂਦੀਆਂ ਹਨ। ਇਕ ਅਧਿਐਨ ਅਨੁਸਾਰ, 74% ਔਰਤਾਂ ਨੇ ਮੰਨਿਆ ਕਿ ਆਰਟ ਐਂਡ ਕਰਾਫਟ ਨਾਲ ਜੁੜੀਆਂ ਗਤੀਵਿਧੀਆਂ ਨੇ ਉਨ੍ਹਾਂ ਤਣਾਅ ਘਟਾਉਣ ਤੇ ਚਿੰਤਾ ਤੋਂ ਮੁਕਤ ਰਹਿਣ 'ਚ ਮਦਦ ਕੀਤੀ ਹੈ।