ਜੇ ਤੁਹਾਨੂੰ ਰਾਤ ਨੂੰ ਦੇਰ ਤੱਕ ਜਾਗਣ ਦੀ ਆਦਤ ਹੈ ਅਤੇ ਅੱਧੀ ਰਾਤ ਤੋਂ ਬਾਅਦ ਸੌਣਾ ਤੁਹਾਡੇ ਰੋਜ਼ਾਨਾ ਰੁਟੀਨ ਦਾ ਹਿੱਸਾ ਬਣ ਗਿਆ ਹੈ, ਤਾਂ ਇਹ ਆਦਤ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਵੱਧ ਦੇਰ ਤੱਕ ਜਾਗਣ ਨਾਲ ਸਰੀਰ ਨੂੰ ਪੂਰੀ ਆਰਾਮ ਨਹੀਂ ਮਿਲਦਾ, ਜਿਸ ਕਾਰਨ ਹਾਰਟ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।

ਖਾਸ ਕਰਕੇ, ਇਹ ਆਦਤ ਹਾਰਟ ਅਟੈਕ ਦਾ ਮੁੱਖ ਕਾਰਨ ਵੀ ਬਣ ਸਕਦੀ ਹੈ। ਇਸ ਲਈ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਂਦੇ ਹੋਏ ਸਮੇਂ 'ਤੇ ਸੌਣਾ ਅਤੇ ਪੂਰੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ।

ਯੂਰਪੀਅਨ ਹਾਰਟ ਜਰਨਲ ਵਿੱਚ ਛਪੀ ਇੱਕ ਨਵੀਂ ਰਿਸਰਚ ਨੇ ਚੌਕਾਣੇ ਵਾਲੀ ਗੱਲ ਸਾਹਮਣੇ ਰੱਖੀ ਹੈ।

ਰਿਸਰਚ ਅਨੁਸਾਰ, ਜੇਕਰ ਕੋਈ ਵਿਅਕਤੀ ਰਾਤ 10 ਤੋਂ 11 ਵਜੇ ਦੇ ਵਿਚਕਾਰ ਸੌਂਦਾ ਹੈ, ਤਾਂ ਉਸ ਵਿੱਚ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਸਭ ਤੋਂ ਘੱਟ ਹੁੰਦਾ ਹੈ। ਇਸ ਕਰਕੇ ਇਸ ਸਮੇਂ ਨੂੰ ਨੀਂਦ ਲਈ ਗੋਲਡਨ ਆਵਰ ਮੰਨਿਆ ਗਿਆ ਹੈ।

ਦਿਲ ਦੀ ਸਿਹਤ ਲਈ ਖੁਰਾਕ ਤੇ ਕਸਰਤ ਦੇ ਨਾਲ ਨੀਂਦ ਦਾ ਸਹੀ ਸਮਾਂ ਵੀ ਬਹੁਤ ਜ਼ਰੂਰੀ ਹੈ।

ਦੇਰ ਰਾਤ ਤਕ ਜਾਗਣ ਨਾਲ ਸਰੀਰ ਦੀ ਕੁਦਰਤੀ ਘੜੀ 'ਸਰਕੈਡੀਅਨ ਰਿਦਮ' ਗੜਬੜਾ ਜਾਂਦੀ ਹੈ, ਜੋ ਦਿਲ ਦੀ ਧੜਕਨ, ਬਲੱਡ ਪ੍ਰੈਸ਼ਰ ਤੇ ਹਾਰਮੋਨਲ ਬੈਲੇਂਸ ਨੂੰ ਪ੍ਰਭਾਵਿਤ ਕਰਦੀ ਹੈ। ਇਸ ਕਾਰਨ ਦਿਲ ਅਤੇ ਦਿਮਾਗੀ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।

ਜੋ ਲੋਕ ਰਾਤ 10:00 ਤੋਂ 10:59 ਵਜੇ ਦੇ ਵਿਚਕਾਰ ਸੌਂਦੇ ਸਨ, ਉਨ੍ਹਾਂ ਵਿਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਸਭ ਤੋਂ ਘੱਟ ਪਾਇਆ ਗਿਆ।

11:00 ਤੋਂ 11:59 ਵਜੇ ਦੇ ਵਿਚਕਾਰ ਸੌਣ ਵਾਲਿਆਂ 'ਚ ਇਹ ਖ਼ਤਰਾ ਥੋੜ੍ਹਾ ਵਧ ਗਿਆ, ਲਗਪਗ 12% ਤੱਕ।

ਅੱਧੀ ਰਾਤ ਤੋਂ ਬਾਅਦ ਸੌਣ ਵਾਲਿਆਂ 'ਚ ਹਾਰਟ ਅਟੈਕ ਅਤੇ ਸਟ੍ਰੋਕ ਦਾ ਖ਼ਤਰਾ 25% ਤਕ ਵਧ ਗਿਆ।

ਦਿਲਚਸਪ ਗੱਲ ਇਹ ਹੈ ਕਿ ਰਾਤ 10 ਵਜੇ ਤੋਂ ਪਹਿਲਾਂ ਸੌਣ ਵਾਲਿਆਂ 'ਚ ਵੀ ਖਤਰੇ ਵਿਚ ਲਗਪਗ 24% ਵਾਧਾ ਦੇਖਿਆ ਗਿਆ, ਜੋ ਇਹ ਦਰਸਾਉਂਦਾ ਹੈ ਕਿ ਬਹੁਤ ਜਲਦੀ ਜਾਂ ਬਹੁਤ ਦੇਰ ਨਾਲ ਸੌਣਾ, ਦੋਵੇਂ ਹੀ ਨੁਕਸਾਨਦਾਇਕ ਹੋ ਸਕਦੇ ਹਨ।