ਰਾਤ ਦੀ ਨੀਂਦ ਸਿਹਤ ਲਈ ਬਹੁਤ ਜ਼ਰੂਰੀ ਹੁੰਦੀ ਹੈ। ਇਹ ਦਿਮਾਗ਼ ਨੂੰ ਆਰਾਮ ਦਿੰਦੀ ਹੈ ਤੇ ਮੈਮਰੀ ਨੂੰ ਸੰਭਾਲਦੀ ਹੈ।

ਪਰ ਅੱਜਕੱਲ੍ਹ ਬਹੁਤ ਸਾਰੇ ਲੋਕ, ਖਾਸ ਕਰਕੇ ਨੌਜਵਾਨ, ਰਾਤ ਨੂੰ ਦੇਰ ਤਕ ਜਾਗਦੇ ਹਨ। ਨੀਂਦ ਦੀ ਕਮੀ ਦਿਮਾਗ਼ ਨੂੰ ਕਮਜ਼ੋਰ ਕਰ ਸਕਦੀ ਹੈ ਤੇ ਸਿਹਤ ਉੱਤੇ ਮਾੜੇ ਪ੍ਰਭਾਵ ਪਾ ਸਕਦੀ ਹੈ।

ਨੀਂਦ ਦੌਰਾਨ ਸਾਡਾ ਦਿਮਾਗ ਦਿਨ ਭਰ ਦੀਆਂ ਗੱਲਾਂ ਨੂੰ ਠੀਕ ਢੰਗ ਨਾਲ ਸੰਭਾਲਦਾ ਹੈ।

ਡੂੰਘੀ ਨੀਂਦ ਅਤੇ REM ਸਲੀਪ ਵਿਚ ਦਿਮਾਗ ਨਵੀਂ ਜਾਣਕਾਰੀ ਨੂੰ ਯਾਦ ਰੱਖਣ ਲਈ ਸੰਭਾਲਦਾ ਹੈ।

ਜੇ ਨੀਂਦ ਪੂਰੀ ਨਾ ਹੋਵੇ ਤਾਂ ਇਹ ਕੰਮ ਠੀਕ ਨਹੀਂ ਹੁੰਦਾ, ਜਿਸ ਨਾਲ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਅਤੇ ਨਵੀਆਂ ਚੀਜ਼ਾਂ ਸਿੱਖਣ ਵਿੱਚ ਦਿੱਕਤ ਆਉਂਦੀ ਹੈ।

ਜਦੋਂ ਨੀਂਦ ਪੂਰੀ ਨਹੀਂ ਹੁੰਦੀ ਤਾਂ ਦਿਮਾਗ ਦੇ ਸੈੱਲ, ਜਿਨ੍ਹਾਂ ਨੂੰ ਨਿਊਰੋਨ ਕਹਿੰਦੇ ਹਨ, ਠੀਕ ਕੰਮ ਨਹੀਂ ਕਰ ਪਾਉਂਦੇ।

ਇਸ ਨਾਲ ਸੋਚਣ, ਸਮਝਣ, ਧਿਆਨ ਲਾਉਣ ਅਤੇ ਫੈਸਲਾ ਲੈਣ ਦੀ ਤਾਕਤ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਦੀ ਨੀਂਦ ਘੱਟ ਹੁੰਦੀ ਰਹਿੰਦੀ ਹੈ, ਉਨ੍ਹਾਂ ਦੇ ਰਿਐਕਸ਼ਨ ਦਾ ਸਮਾਂ ਵੀ ਹੌਲੀ ਹੋ ਜਾਂਦਾ ਹੈ, ਜਿਸ ਨਾਲ ਹਾਦਸਿਆਂ ਦੀ ਸੰਭਾਵਨਾ ਵਧ ਜਾਂਦੀ ਹੈ।

ਜਿਨ੍ਹਾਂ ਲੋਕਾਂ ਦੀ ਨੀਂਦ ਘੱਟ ਹੁੰਦੀ ਹੈ, ਉਹ ਅਕਸਰ ਚਿੜਚਿੜੇ, ਤਣਾਅ ਵਾਲੇ ਜਾਂ ਉਦਾਸ ਮਹਿਸੂਸ ਕਰਦੇ ਹਨ।

ਇਹ ਇਸ ਲਈ ਹੁੰਦਾ ਹੈ ਕਿਉਂਕਿ ਨੀਂਦ ਦੀ ਕਮੀ ਦਿਮਾਗ ਦੇ ਉਸ ਹਿੱਸੇ 'ਅਮੀਗਡਾਲਾ' ਨੂੰ ਵਧਾ ਦਿੰਦੀ ਹੈ ਜੋ ਭਾਵਨਾਵਾਂ ਨੂੰ ਕੰਟਰੋਲ ਕਰਦਾ ਹੈ।

ਇਸ ਨਾਲ ਸੇਰੋਟੋਨਿਨ ਤੇ ਡੋਪਾਮਾਈਨ ਵਰਗੇ ਖੁਸ਼ੀ ਵਾਲੇ ਹਾਰਮੋਨ ਵੀ ਘਟ ਜਾਂਦੇ ਹਨ, ਜਿਸ ਨਾਲ ਡਿਪ੍ਰੈਸ਼ਨ ਅਤੇ ਘਬਰਾਹਟ ਦਾ ਖ਼ਤਰਾ ਵੱਧ ਜਾਂਦਾ ਹੈ।