ਹੱਡੀਆਂ ਸਰੀਰ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਇਨ੍ਹਾਂ ਦੀ ਸਿਹਤ ਦਾ ਖਿਆਲ ਰੱਖਣਾ ਜ਼ਰੂਰੀ ਹੈ।

ਹੱਡੀਆਂ ਨੂੰ ਸਰੀਰ ਦੇ ਹੋਰ ਅੰਗਾਂ ਵਾਂਗ ਪੋਸ਼ਣ ਦੀ ਲੋੜ ਹੁੰਦੀ ਹੈ। ਇਨ੍ਹਾਂ ਨੂੰ ਬਿਮਾਰੀਆਂ, ਜਿਵੇਂ ਕੈਂਸਰ ਵਰਗੀ ਜਾਨਲੇਵਾ ਬਿਮਾਰੀ, ਤੋਂ ਬਚਾਉਣ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ।

ਹੱਡੀਆਂ ਵਿੱਚ ਕੈਂਸਰ, ਜਿਸ ਨੂੰ ਬੋਨ ਕੈਂਸਰ ਕਹਿੰਦੇ ਹਨ, ਜਾਨਲੇਵਾ ਹੋ ਸਕਦਾ ਹੈ ਅਤੇ ਸਰੀਰ ਦੀ ਕਿਸੇ ਵੀ ਹੱਡੀ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਜੇ ਸ਼ੁਰੂਆਤ ਵਿੱਚ ਪਤਾ ਲੱਗ ਜਾਵੇ, ਤਾਂ ਇਸ ਦਾ ਇਲਾਜ ਸੰਭਵ ਹੈ। ਇਸ ਦਾ ਇਲਾਜ ਕੀਮੋਥੈਰੇਪੀ, ਰੇਡੀਏਸ਼ਨ ਥੈਰੇਪੀ ਜਾਂ ਓਪਰੇਸ਼ਨ ਨਾਲ ਕੀਤਾ ਜਾਂਦਾ ਹੈ।

ਬਹੁਤ ਵਾਰ ਹੱਡੀਆਂ 'ਚ ਦਰਦ ਨੂੰ ਲੋਕ ਆਮ ਸਮੱਸਿਆ ਮੰਨ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ।

ਪਰ ਜੇ ਇਹ ਦਰਦ ਲੰਮਾ ਸਮਾਂ ਰਹੇ, ਤਾਂ ਇਹ ਬੋਨ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਅਜਿਹੇ 'ਚ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਜੇ ਸਰੀਰ ਦੀ ਕਿਸੇ ਹੱਡੀ ਦੇ ਨੇੜੇ ਸੋਜ਼ ਜਾਂ ਗੰਢ ਬਣੇ, ਤਾਂ ਇਹ ਬੋਨ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ। ਇਹ ਸੋਜ਼ ਆਮ ਤੌਰ 'ਤੇ ਓਥੇ ਹੁੰਦੀ ਹੈ ਜਿੱਥੇ ਕੈਂਸਰ ਸੈੱਲ ਵੱਧ ਰਹੇ ਹੁੰਦੇ ਹਨ। ਇਸ ਨਾਲ ਕਈ ਵਾਰੀ ਤੇਜ਼ ਦਰਦ ਵੀ ਹੁੰਦਾ ਹੈ।

ਜੇ ਕਿਸੇ ਹੱਡੀ 'ਚ ਕੈਂਸਰ ਹੋ ਜਾਵੇ ਤਾਂ ਉਸ ਥਾਂ ਦੀ ਚਮੜੀ ਲਾਲ ਹੋ ਸਕਦੀ ਹੈ। ਇਹ ਲਾਲੀ ਹੱਡੀ ਉੱਤੇ ਹੋਣ ਵਾਲੇ ਦਬਾਅ ਜਾਂ ਸੋਜ਼ ਕਾਰਨ ਹੁੰਦੀ ਹੈ। ਅਜਿਹੀ ਲਾਲੀ ਨੂੰ ਅਣਡਿੱਠਾ ਨਾ ਕਰੋ ਤੇ ਤੁਰੰਤ ਡਾਕਟਰ ਨੂੰ ਵਿਖਾਓ।

ਕੈਂਸਰ ਕਾਰਨ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਜਿਸ ਨਾਲ ਸਰੀਰ ਵਿੱਚ ਹਮੇਸ਼ਾ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ।

ਕਈ ਵਾਰ ਪਿੰਨੀਆਂ, ਗੋਡਿਆਂ, ਕੂਹਣੀਆਂ ਜਾਂ ਹਿਪਸ ਤੋਂ ਆਵਾਜ਼ਾਂ ਆਉਣ ਲੱਗਦੀਆਂ ਹਨ, ਜੋ ਹੱਡੀਆਂ ਦੀ ਕਮਜ਼ੋਰੀ ਦਾ ਸੰਕੇਤ ਹੋ ਸਕਦੀਆਂ ਹਨ।

ਅਕਸਰ ਹੱਡੀਆਂ ਵਿਚ ਅਕੜਾਅ ਨੂੰ ਆਮ ਮੰਨ ਲਿਆ ਜਾਂਦਾ ਹੈ, ਪਰ ਇਹ ਬੋਨ ਕੈਂਸਰ ਦਾ ਲੱਛਣ ਹੋ ਸਕਦਾ ਹੈ। ਜੇ ਸਮੇਂ 'ਤੇ ਇਲਾਜ ਨਾ ਕਰਵਾਇਆ ਜਾਵੇ, ਤਾਂ ਚੱਲਣ-ਫਿਰਣ ਵਿੱਚ ਵੀ ਮੁਸ਼ਕਲ ਹੋ ਸਕਦੀ ਹੈ।