ਘਰ ਦੇ ਬਜ਼ੁਰਗਾਂ ਮੁਤਾਬਕ ਗਾਂ ਦਾ ਦੁੱਧ ਛੋਟੇ ਬੱਚਿਆਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਕਰਕੇ ਉਹ ਬੱਚਿਆਂ ਨੂੰ ਗਾਂ ਦਾ ਦੁੱਧ ਪਿਲਾਉਣ ਦੀ ਸਲਾਹ ਦਿੰਦੇ ਹਨ। ਪਰ ਕੀ ਡਾਕਟਰ ਵੀ ਗਾਂ ਦੇ ਦੁੱਧ (Milk) ਨੂੰ ਨਵਜੰਮੇ ਬੱਚੇ ਲਈ ਫਾਇਦੇਮੰਦ ਮੰਨਦੇ ਹਨ? ਗਾਂ ਦੇ ਦੁੱਧ 'ਚ ਭਰਪੂਰ ਮਾਤਰਾ 'ਚ ਹਾਈ ਕੰਪਲੈਕਸ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਗਾਂ ਦੇ ਵੱਛੇ ਨੂੰ ਜਨਮ ਤੋਂ ਤੁਰੰਤ ਬਾਅਦ ਖੜ੍ਹੇ ਹੋਣ ਅਤੇ ਤੁਰਨ 'ਚ ਮਦਦ ਕਰਦਾ ਹੈ। ਪਰ ਇਹ ਛੋਟੇ ਬੱਚਿਆਂ ਦੇ ਗੁਰਦਿਆਂ 'ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਬੱਚਿਆਂ ਦਾ ਪਾਚਨ ਤੰਤਰ, ਇਸ ਪ੍ਰੋਟੀਨ ਨੂੰ ਸਹੀ ਢੰਗ ਨਾਲ ਹਜ਼ਮ ਨਹੀਂ ਕਰ ਪਾਉਂਦਾ, ਜਿਸ ਕਾਰਨ ਦਸਤ ਦੇ ਨਾਲ-ਨਾਲ ਬੱਚੇ ਦੇ ਗੁਰਦੇ ਵੀ ਖਰਾਬ ਹੋ ਸਕਦੇ ਹਨ। ਇੱਕ ਰਿਪੋਰਟ ਅਨੁਸਾਰ ਗਾਂ ਦੇ ਦੁੱਧ 'ਚ ਆਇਰਨ, ਵਿਟਾਮਿਨ ਸੀ ਅਤੇ ਹੋਰ ਪੌਸ਼ਟਿਕ ਤੱਤ ਘੱਟ ਮਾਤਰਾ 'ਚ ਪਾਏ ਜਾਂਦੇ ਹਨ, ਜਿਸ ਦਾ ਬੱਚੇ ਦੇ ਵਿਕਾਸ 'ਤੇ ਮਾੜਾ ਅਸਰ ਪੈਂਦਾ ਹੈ। ਜਨਮ ਤੋਂ ਤੁਰੰਤ ਬਾਅਦ ਬੱਚੇ ਨੂੰ ਗਾਂ ਦਾ ਦੁੱਧ ਪਿਲਾਉਣ ਨਾਲ ਉਸ ਦੇ ਸਰੀਰ 'ਚ ਆਇਰਨ ਦੀ ਕਮੀ ਹੋ ਸਕਦੀ ਹੈ, ਜਿਸ ਨਾਲ ਅਨੀਮੀਆ ਦਾ ਖਤਰਾ ਵੱਧ ਸਕਦਾ ਹੈ। ਮਾਹਿਰਾਂ ਮੁਤਾਬਕ ਗਾਂ ਦੇ ਦੁੱਧ 'ਚ ਵਿਟਾਮਿਨ ਸੀ ਦੀ ਕਮੀ ਹੋਣ ਕਾਰਨ ਇਮਿਊਨਿਟੀ ਕਮਜ਼ੋਰ ਰਹਿੰਦੀ ਹੈ। ਵਿਟਾਮਿਨ ਸੀ ਇੱਕ ਇਮਿਊਨਿਟੀ ਬੂਸਟਰ ਹੈ, ਜੋ ਬੱਚੇ ਨੂੰ ਜਲਦੀ ਬਿਮਾਰ ਹੋਣ ਤੋਂ ਬਚਾਉਣ 'ਚ ਮਦਦ ਕਰਦਾ ਹੈ। ਗਾਂ ਦੇ ਦੁੱਧ 'ਚ ਬੱਚੇ ਲਈ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਕਮੀ ਹੁੰਦੀ ਹੈ। ਗਾਂ ਦਾ ਦੁੱਧ ਪਾਣੀ 'ਚ ਮਿਲਾ ਕੇ ਦੇਣ ਨਾਲ ਬੱਚੇ ਨੂੰ ਸਹੀ ਮਾਤਰਾ 'ਚ ਚਰਬੀ ਨਹੀਂ ਮਿਲਦੀ। ਗਾਂ ਦਾ ਦੁੱਧ ਪੀਣ ਨਾਲ ਬੱਚਾ ਮੋਟਾ ਵੀ ਹੋ ਸਕਦਾ ਹੈ, ਕਿਉਂਕਿ ਗਾਂ ਦੇ ਦੁੱਧ 'ਚ ਫਾਸਫੇਟ ਅਤੇ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ। ਸਰੀਰ 'ਤੇ ਜ਼ਿਆਦਾ ਚਰਬੀ ਹੋਣ ਕਾਰਨ ਉਸ ਦਾ ਵਿਕਾਸ ਰੁਕਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਮਾਂ ਦੀਆਂ ਛਾਤੀਆਂ ਦੁੱਧ ਨਹੀਂ ਪੈਦਾ ਕਰਦੀਆਂ, ਤਾਂ ਇੱਕ ਸਾਲ ਤੋਂ ਛੋਟੇ ਬੱਚੇ ਲਈ ਫਾਰਮੂਲਾ ਦੁੱਧ ਸਭ ਤੋਂ ਵਧੀਆ ਹੈ।