ਹੋਲੀ ਦਾ ਤਿਉਹਾਰ ਆਉਣ ਵਾਲਾ ਹੈ। ਅਜਿਹੇ ਵਿਚ ਉੱਤਰ ਪ੍ਰਦੇਸ਼ ਸਰਕਾਰ ਰੰਗਾਂ ਦੇ ਇਸ ਤਿਉਹਾਰ ਹੋਲੀ ਨੂੰ ਖ਼ਾਸ ਬਣਾਉਣ ਲਈ ਸੂਬੇ ਭਰ 'ਚ ਗਰੀਬ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਫਤ ਗੈਸ ਸਿਲੰਡਰ ਮੁਹੱਈਆ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਲਗਭਗ 1.75 ਕਰੋੜ ਲੋਕਾਂ ਨੂੰ ਸਿੱਧਾ ਫਾਇਦਾ ਹੋਵੇਗਾ। ਯੋਗੀ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਦੀਵਾਲੀ ਮੌਕੇ ਔਰਤਾਂ ਨੂੰ ਮੁਫਤ ਸਿਲੰਡਰ ਮੁਹੱਈਆ ਕਰਵਾ ਕੇ ਅਜਿਹਾ ਹੀ ਉਪਰਾਲਾ ਕੀਤਾ ਸੀ। ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਇਕ ਸਾਲ ਵਿਚ 2 ਸਿਲੰਡਰ ਮੁਫਤ ਦੇਣ ਦਾ ਫੈਸਲਾ ਕੀਤਾ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ ਪਹਿਲਾ ਸਿਲੰਡਰ ਦੀਵਾਲੀ ਦੌਰਾਨ ਉਪਲਬਧ ਕਰਵਾਇਆ ਗਿਆ ਸੀ ਅਤੇ ਹੁਣ ਦੂਜਾ ਸਿਲੰਡਰ ਹੋਲੀ ਦੇ ਤਿਉਹਾਰ ਮੌਕੇ ਦਿੱਤਾ ਜਾਵੇਗਾ। ਸਰਕਾਰ ਨੇ ਸੂਬੇ 'ਚ ਪ੍ਰਧਾਨ ਮੰਤਰੀ ਉੱਜਵਲਾ ਸਕੀਮ ਤਹਿਤ ਲਗਭਗ 1.75 ਕਰੋੜ ਲਾਭਪਾਤਰੀਆਂ ਨੂੰ ਦੋ ਮੁਫਤ ਸਿਲੰਡਰ ਰੀਫਿਲ ਵੰਡਣ ਲਈ ਵਿੱਤੀ ਸਾਲ 2023-24 ਲਈ 2,312 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ।