ਰਾਇਲ ਚੈਲੈਂਜਰਜ਼ ਬੈਂਗਲੁਰੂ ਨੇ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ IPL 2025 ਦੀ ਟ੍ਰੌਫੀ ਜਿੱਤੀ ਹੈ।

IPL ਦੇ 18 ਸਾਲਾਂ ਦੇ ਇਤਿਹਾਸ ਵਿੱਚ RCB ਪਹਿਲੀ ਵਾਰੀ ਚੈਂਪੀਅਨ ਬਣੀ ਹੈ।

ਇਹ ਵੀ ਪਹਿਲੀ ਵਾਰੀ ਹੈ ਕਿ ਅਹਿਮਦਾਬਾਦ ਵਿੱਚ ਕੋਈ IPL ਫਾਈਨਲ ਖੇਡਿਆ ਗਿਆ ਅਤੇ ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਨੇ ਜਿੱਤ ਹਾਸਲ ਕੀਤੀ।

RCB ਨੇ ਪਹਿਲਾਂ ਖੇਡਦੇ ਹੋਏ 190 ਦੌੜਾਂ ਬਣਾਈਆਂ ਸਨ, ਜਵਾਬ ਵਿੱਚ ਪੰਜਾਬ ਦੀ ਟੀਮ ਕੇਵਲ 184 ਦੌੜਾਂ ਹੀ ਬਣਾ ਸਕੀ।



RCB ਦੀ ਇਸ ਇਤਿਹਾਸਕ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਫੁੱਟ-ਫੁੱਟ ਕੇ ਰੋਣ ਲੱਗ ਪਏ।

ਵਿਰਾਟ ਕੋਹਲੀ ਦੀਆਂ ਅੱਖਾਂ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੰਝੂ ਦਿਖਾਈ ਦਿੱਤੇ। ਜਿਵੇਂ ਹੀ RCB ਨੇ IPL 6 ਦੌੜਾਂ ਨਾਲ ਜਿੱਤਿਆ, ਵਿਰਾਟ ਕੋਹਲੀ ਆਪਣੇ ਆਪ ਨੂੰ ਰੋਕ ਨਾ ਸਕੇ।

ਉਹ ਜ਼ਮੀਨ 'ਤੇ ਗੋਡਿਆਂ ਭਾਰ ਬੈਠ ਗਏ ਅਤੇ ਮੂੰਹ ਹੇਠਾਂ ਕਰਕੇ ਰੋਣ ਲੱਗ ਪਏ।



ਰਾਇਲ ਚੈਲੇਂਜਰਜ਼ ਬੰਗਲੌਰ ਦੀ ਇਤਿਹਾਸਕ ਜਿੱਤ ਦੇ ਹੀਰੋ ਕਰੁਣਾਲ ਪਾਂਡਿਆ ਸਨ ਜਿਨ੍ਹਾਂ ਨੇ 4 ਓਵਰਾਂ ਵਿੱਚ ਸਿਰਫ਼ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ।



ਭੁਵਨੇਸ਼ਵਰ ਕੁਮਾਰ ਨੇ ਵੀ 2 ਵਿਕਟਾਂ ਲਈਆਂ। ਯਸ਼ ਦਿਆਲ, ਜੋਸ਼ ਹੇਜ਼ਲਵੁੱਡ ਅਤੇ ਰੋਮਾਰੀਓ ਸ਼ੈਫਰਡ ਨੇ 1-1 ਵਿਕਟਾਂ ਲਈਆਂ।

ਵਿਰਾਟ ਕੋਹਲੀ ਨੇ ਬੱਲੇਬਾਜ਼ੀ ਵਿੱਚ ਸਭ ਤੋਂ ਵੱਧ 43 ਦੌੜਾਂ ਬਣਾਈਆਂ। ਜਿਤੇਸ਼ ਸ਼ਰਮਾ ਨੇ ਵੀ 10 ਗੇਂਦਾਂ ਵਿੱਚ 24 ਦੌੜਾਂ ਦੀ ਪਾਰੀ ਖੇਡੀ।