ਭਾਰਤੀ ਸਿਨੇਮਾ ਦੀ ਦਿੱਗਜ ਅਦਾਕਾਰਾ ਅਤੇ ਆਪਣੀ ਅਦਾਕਾਰੀ ਦੇ ਦਮ 'ਤੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਨਰਗਿਸ ਦਾ ਜਨਮ 1 ਜੂਨ, 1929 ਨੂੰ ਕਲਕੱਤਾ 'ਚ ਹੋਇਆ ਸੀ। ਉਨ੍ਹਾਂ ਨੂੰ ਭਾਰਤੀ ਸਿਨੇਮਾ ਇਤਿਹਾਸ ਦੀਆਂ ਮਹਾਨ ਅਭਿਨੇਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਨਰਗਿਸ ਨੂੰ ਉਨ੍ਹਾਂ ਦੀਆਂ ਫਿਲਮਾਂ 'ਸ਼੍ਰੀ 420' ਅਤੇ 'ਮਦਰ ਇੰਡੀਆ' ਲਈ ਯਾਦ ਕੀਤਾ ਜਾਂਦਾ ਹੈ ਕਿਉਂਕਿ ਇਹ ਫਿਲਮਾਂ ਉਨ੍ਹਾਂ ਦੀਆਂ ਸਭ ਤੋਂ ਸਫਲ ਫਿਲਮਾਂ ਵਿੱਚੋਂ ਇੱਕ ਸਨ। ਉਨ੍ਹਾਂ ਦੀ ਫਿਲਮ 'ਮਦਰ ਇੰਡੀਆ' ਵੀ ਆਸਕਰ ਲਈ ਨਾਮਜ਼ਦ ਹੋਈ ਸੀ। ਨਰਗਿਸ ਨੇ ਅਦਾਕਾਰ ਸੁਨੀਲ ਦੱਤ ਨਾਲ ਵਿਆਹ ਕੀਤਾ ਸੀ। ਸੰਜੇ ਦੱਤ, ਪ੍ਰਿਆ ਦੱਤ ਅਤੇ ਨਮਰਤਾ ਦੱਤ ਉਨ੍ਹਾਂ ਦੇ ਬੱਚੇ ਹਨ। ਉਨ੍ਹਾਂ ਦਾ ਅਭਿਨੇਤਾ ਰਾਜ ਕਪੂਰ ਨਾਲ ਵੀ ਅਫੇਅਰ ਸੀ, ਪਰ ਆਖਰਕਾਰ ਉਨ੍ਹਾਂ ਨੇ ਸੁਨੀਲ ਦੱਤ ਨਾਲ ਵਿਆਹ ਕਰਵਾ ਲਿਆ। ਸੁਨੀਲ ਦੱਤ ਨੇ ਫਿਲਮ 'ਮਦਰ ਇੰਡੀਆ' ਵਿੱਚ ਨਰਗਿਸ ਦੇ ਬੇਟੇ ਦੀ ਭੂਮਿਕਾ ਨਿਭਾਈ ਸੀ। ਸਾਲ 1957 'ਚ ਮਦਰ ਇੰਡੀਆ ਦੀ ਸ਼ੂਟਿੰਗ ਦੌਰਾਨ ਫਿਲਮ ਦੇ ਸੈੱਟ 'ਤੇ ਅੱਗ ਲੱਗ ਗਈ ਸੀ। ਵੈਲਡਿੰਗ ਟਾਰਚ ਦੀ ਚੰਗਿਆੜੀ ਕਾਰਨ ਅੱਗ ਪੂਰੇ ਸੈੱਟ ਵਿੱਚ ਫੈਲ ਗਈ। ਨਰਗਿਸ ਇਸ ਅੱਗ ਵਿੱਚ ਫਸ ਗਈ ਸੀ। ਨਰਗਿਸ ਨੂੰ ਇਸ ਹਾਲਤ 'ਚ ਦੇਖ ਕੇ ਅਦਾਕਾਰ ਸੁਨੀਲ ਦੱਤ ਨੇ ਉਸ ਨੂੰ ਬਚਾਉਣ ਲਈ ਅੱਗ 'ਚ ਛਾਲ ਮਾਰ ਦਿੱਤੀ। ਸੁਨੀਲ ਦੱਤ ਨੇ ਆਪਣੀ ਜਾਨ 'ਤੇ ਖੇਡ ਕੇ ਨਰਗਿਸ ਨੂੰ ਅੱਗ ਤੋਂ ਬਚਾਇਆ ਸੀ। ਇਸ ਘਟਨਾ ਵਿੱਚ ਦੋਵਾਂ ਦੇ ਸੱਟਾਂ ਵੀ ਲੱਗੀਆਂ ਸਨ। ਇਸ ਤਰ੍ਹਾਂ ਸ਼ੁਰੂ ਹੋਈ ਸੀ ਦੋਵਾਂ ਦੀ ਲਵ ਸਟੋਰੀ। ਦੱਸ ਦਈਏ ਕਿ ਇਸੇ ਸੀਨ ਨੂੰ ਸ਼ਾਹਰੁਖ ਖਾਨ ਤੇ ਦੀਪਿਕਾ ਪਾਦੂਕੋਣ ਸਟਾਰਰ ਫਿਲਮ 'ਓਮ ਸ਼ਾਂਤੀ ਓਮ' 'ਚ ਵੀ ਦਿਖਾਇਆ ਗਿਆ ਸੀ। ਘਟਨਾ ਤੋਂ ਬਾਅਦ ਦੋਵੇਂ ਇਕ ਦੂਜੇ ਦੇ ਨੇੜੇ ਆਏ। ਦੋਵੇਂ ਕਈ ਸਾਲਾਂ ਤੋਂ ਦੋਸਤ ਸਨ ਪਰ ਇਸ ਘਟਨਾ ਤੋਂ ਬਾਅਦ ਦੋਵਾਂ ਵਿਚਾਲੇ ਪਿਆਰ ਵਧਣ ਲੱਗਾ। ਇਸ ਤੋਂ ਬਾਅਦ 1958 'ਚ ਉਨ੍ਹਾਂ ਦਾ ਵਿਆਹ ਹੋ ਗਿਆ।