Singer Jazzy B: ਪੰਜਾਬੀ ਗਾਇਕ ਜ਼ੈਜੀ ਬੀ ਨੂੰ ਲੈ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ। ਦਰਅਸਲ, ਕਲਾਕਾਰ ਦੇ ਨਵੇਂ ਗੀਤ ਨੂੰ ਲੈ ਹਰ ਪਾਸੇ ਵਿਵਾਦ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਬਰਨਾਲਾ ਵਿੱਚ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਗਾਇਕ ਜੈਜ਼ੀ ਬੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਆਖਿਰ ਇਹ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ, ਅਤੇ ਇਸਦੀ ਵਜ੍ਹਾ ਕੀ ਹੈ ? ਜਾਣਨ ਲਈ ਪੜ੍ਹੋ ਪੂਰੀ ਖਬਰ... ਜਾਣਕਾਰੀ ਮੁਤਾਬਕ 10 ਮਾਰਚ ਨੂੰ ਰਿਲੀਜ਼ ਹੋਣ ਵਾਲੇ ਜੈਜ਼ੀ ਬੀ ਦੇ ਗੀਤ ‘ਮੜਕ ਸ਼ੌਕੀਨਾਂ ਦੀ ਤੂੰ ਵੀ ਜਾਣਦੀ ਭੇਡੇ’ ਦਾ ਕਿਸਾਨ ਸੰਗਠਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਗੀਤ ਨੂੰ ਲੈ ਕੇ ਕਿਹਾ ਹੈ ਕਿ ਕਲਾਕਾਰ ਦੇ ਗੀਤ ਵਿੱਚ ਔਰਤਾਂ ਲਈ ਭੇਡ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਬੇਹੱਦ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜ਼ੈਜੀ ਬੀ ਨੇ ਇਸ ਗੀਤ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਬਦਨਾਮ ਕੀਤਾ ਹੈ। ਔਰਤਾਂ ਲਈ ਜਨਤਕ ਤੌਰ ‘ਤੇ ਇਸ ਤਰ੍ਹਾਂ ਦੇ ਸ਼ਬਦ ਦੀ ਵਰਤੋਂ ਬੇਹੱਦ ਇਤਰਾਜ਼ਯੋਗ ਹੈ। ਜਥੇਬੰਦੀ ਵੱਲੋਂ ਪੁਤਲਾ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਸੱਭਿਆਚਾਰ ਪ੍ਰੇਮੀਆਂ ਨੂੰ ਅਪੀਲ ਕੀਤੀ ਉਹ ਇਸ ਗੀਤ ਨੂੰ ਲੈ ਕੇ ਇਤਰਾਜ਼ ਦਾ ਪ੍ਰਗਟਾਵਾ ਕਰਨ। ਨਾਲ ਹੀ ਉਨ੍ਹਾਂ ਕਿਹਾ ਕਿ ਗਾਇਕ ਜੈਜ਼ੀ ਬੀ ਦਾ ਬਾਈਕਾਟ ਕੀਤਾ ਜਾਏ। ਉਨ੍ਹਾਂ ਇਹ ਵੀ ਕਿਹਾ ਕਿ ਜੈਜ਼ੀ ਬੀ ਦੇ ਇਸ ਗੀਤ ਉੱਪਰ ਰੋਕ ਲਗਾਉਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ਕਰ ਰਿਹਾ ਹੈ। ਇਸ ਸਬੰਧੀ ਰਾਸ਼ਟਰੀ ਅਤੇ ਰਾਜ ਮਹਿਲਾ ਕਮਿਸ਼ਨ ਨੂੰ ਵੀ ਸ਼ਿਕਾਇਤ ਭੇਜ ਦਿੱਤੀ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗੀਤ ‘ਤੇ ਤੁਰੰਤ ਪਾਬੰਦੀ ਲਾਈ ਜਾਵੇ। ਹਾਲਾਂਕਿ ਕਲਾਕਾਰ ਵੱਲ਼ੋਂ ਇਸ ਮਾਮਲੇ ਉੱਪਰ ਹਾਲੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।