ਪੌਪੀ ਸੀਡ ਭਾਵ ਖਸਖਸ ਜਾਂ ਪੋਸਤ ਦੇ ਦਾਣਿਆਂ ਦੇ ਬਹੁਤ ਫਾਇਦੇ ਹਨ। ਖਸਖਸ ਦੇ ਬੀਜ ਫਾਈਬਰ, ਮੈਗਨੀਜ਼, ਕਾਪਰ ਤੇ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ।



ਇਸ ਦੇ ਸੇਵਨ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਮਾਸਪੇਸ਼ੀਆਂ ਦਾ ਵਿਕਾਸ ਹੋਵੇਗਾ। ਇਸ ਤੋਂ ਇਲਾਵਾ ਇਸ ਦੇ ਹੋਰ ਵੀ ਫ਼ਾਇਦੇ ਹਨ।



ਹੱਡੀਆਂ ਲਈ ਖਸਖਸ ਕਿਸੇ ਵਰਦਾਨ ਤੋਂ ਘੱਟ ਨਹੀਂ। ਇਸ ਦੇ ਗੁਣਾਂ ਦੀ ਗੱਲ ਕਰੀਏ ਤਾਂ ਖਸਖਸ ਦੇ ਬੀਜ ਕੈਲਸ਼ੀਅਮ, ਜ਼ਿੰਕ ਤੇ ਕਾਪਰ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਤੇ ਇਹ ਤਿੰਨੋਂ ਤੱਤ ਹੱਡੀਆਂ ਦੀ ਮਜ਼ਬੂਤੀ ਤੇ ਵਿਕਾਸ 'ਚ ਮਦਦ ਕਰਦੇ ਹਨ।



ਖਸਖਸ ਤੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਦੋਵਾਂ 'ਚ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰੀ ਹੈ।



ਖਸਖਸ ਦੇ ਬੀਜ ਫਾਸਫੋਰਸ ਨਾਲ ਭਰਪੂਰ ਹੁੰਦੇ ਹਨ ਜੋ ਕੈਲਸ਼ੀਅਮ ਦੇ ਨਾਲ ਹੱਡੀਆਂ ਨੂੰ ਲਾਭ ਪਹੁੰਚਾਉਂਦੇ ਹਨ।



ਇੱਕ ਸਟੱਡੀ ਮੁਤਾਬਕ ਕੈਲਸ਼ੀਅਮ ਸਪਲੀਮੈਂਟ ਦੇ ਨਾਲ ਕਾਪਰ ਤੇ ਜ਼ਿੰਕ ਮਿਲ ਕੇ ਰੀੜ੍ਹ ਦੀ ਹੱਡੀ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦੇ ਹਨ।



ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਸ਼ਿਕਾਇਤ ਹੈ ਤਾਂ ਤੁਸੀਂ ਰੋਜ਼ ਰਾਤ ਨੂੰ ਦੁੱਧ 'ਚ ਉਬਾਲ ਕੇ ਖਸਖਸ ਦੇ ਬੀਜ ਦਾ ਸੇਵਨ ਕਰ ਸਕਦੇ ਹੋ। ਖਸਖਸ ਦੇ ਬੀਜਾਂ 'ਚ ਮੌਜੂਦ ਗੁਣ ਚੰਗੀ ਨੀਂਦ ਲੈਣ 'ਚ ਮਦਦ ਕਰ ਸਕਦੇ ਹਨ।



ਖਸਖਸ ਦਾ ਸੇਵਨ ਕਰਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।



ਦਰਅਸਲ, ਇਹ ਫਾਈਬਰ ਵਰਗੇ ਵਿਸ਼ੇਸ਼ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦਾ ਹੈ, ਜੋ ਕਬਜ਼ ਤੇ ਗੈਸ ਵਰਗੀਆਂ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਕਰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਢਿੱਡ ਦੀ ਸਿਹਤ ਨੂੰ ਠੀਕ ਕਰ ਸਕਦਾ ਹੈ। ਤੁਸੀਂ ਖਸਖਸ ਦੇ ਪਾਊਡਰ ਨੂੰ ਦੁੱਧ 'ਚ ਉਬਾਲ ਕੇ ਪੀ ਸਕਦੇ ਹੋ।



ਖਸਖਸ ਦਾ ਬੀਜ ਦਿਲ ਦੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਫਾਈਬਰ ਹੁੰਦਾ ਹੈ ਜੋ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ 'ਚ ਮੌਜੂਦ ਓਮੇਗਾ 3 ਫੈਟੀ ਐਸਿਡ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰ ਸਕਦਾ ਹੈ।