ਤਿੱਲ ਅਤੇ ਗੁੜ ਪੌਸ਼ਟਿਕ ਹੁੰਦੇ ਹਨ ਅਤੇ ਸਰਦੀਆਂ ਦੇ ਮੌਸਮ ਵਿੱਚ ਸਾਡੇ ਸਰੀਰ ਨੂੰ ਨਿੱਘ ਪ੍ਰਦਾਨ ਕਰਦੇ ਹਨ। ਤਿੱਲ ਅਤੇ ਗੁੜ ਤੋਂ ਬਣੇ ਇਹ ਲੱਡੂ ਨਾ ਸਿਰਫ਼ ਸੁਆਦ ਹੁੰਦੇ ਨੇ ਸਗੋਂ ਠੰਡ ਦੇ ਮੌਸਮ ਵਿੱਚ ਲਾਭਕਾਰੀ ਵੀ ਹੁੰਦੇ ਹਨ। ਮਾਹਿਰਾਂ ਅਨੁਸਾਰ ਤਿੱਲ ਅਤੇ ਗੁੜ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਦੋਵਾਂ ਨੂੰ ਮਿਲਾ ਕੇ ਖਾਣ ਨਾਲ ਸਰਦੀਆਂ 'ਚ ਸਰੀਰ ਨੂੰ ਕਾਫੀ ਫਾਇਦਾ ਹੁੰਦਾ ਹੈ। ਤਿੱਲ ਦੇ ਲੱਡੂ ਬਣਾਉਣ ਲਈ ਸਮੱਗਰੀ-1 ਕੱਪ ਚਿੱਟੇ ਤਿੱਲ (ਛਿੱਲਕੇ ਵਾਲੇ), 1 ਕੱਪ ਗੁੜ (ਟੁਕੜਿਆਂ ਵਿੱਚ), 1/4 ਕੱਪ ਪੀਸਿਆ ਹੋਇਆ ਨਾਰੀਅਲ, 1/2 ਚਮਚ ਇਲਾਇਚੀ ਪਾਊਡਰ, 2 ਚਮਚ ਘਿਓ ਕੜਾਹੀ ਨੂੰ ਗਰਮ ਕਰੋ ਅਤੇ ਘੱਟ ਸੇਕ 'ਤੇ ਤਿੱਲਾਂ ਨੂੰ ਭੁੰਨ ਲਓ। ਤਿੱਲਾਂ ਨੂੰ ਉਦੋਂ ਤੱਕ ਫ੍ਰਾਈ ਕਰੋ ਜਦੋਂ ਤੱਕ ਉਨ੍ਹਾਂ ਦਾ ਰੰਗ ਹਲਕਾ ਸੁਨਹਿਰੀ ਨਾ ਹੋ ਜਾਵੇ ਅਤੇ ਖੁਸ਼ਬੂ ਆਉਣ ਨਾ ਲੱਗ ਜਾਵੇ। ਭੁੰਨੇ ਹੋਏ ਤਿੱਲਾਂ ਨੂੰ ਪਲੇਟ 'ਚ ਕੱਢ ਲਓ ਅਤੇ ਥੋੜ੍ਹਾ ਠੰਡਾ ਹੋਣ ਦਿਓ। ਜੇ ਤੁਸੀਂ ਤਿੱਲਾਂ ਨੂੰ ਥੋੜਾ ਬਾਰੀਕ ਕਰਨ ਚਾਹੁੰਦੇ ਹੋ ਤਾਂ ਮਿਕਸੀ ਵਿੱਚ ਥੋੜ੍ਹਾ ਪੀਸ ਲਓ। ਉਸੇ ਕੜਾਹੀ 'ਚ ਗੁੜ ਪਾਓ ਅਤੇ ਘੱਟ ਅੱਗ 'ਤੇ ਪਿਘਲਾ ਲਓ। ਧਿਆਨ ਰੱਖੋ ਕਿ ਗੁੜ ਕੜਾਹੀ ਦੇ ਥੱਲੇ ਵਿੱਚ ਨਾ ਲੱਗ ਜਾਵੇ। ਜਦੋਂ ਗੁੜ ਪੂਰੀ ਤਰ੍ਹਾਂ ਪਿਘਲ ਜਾਵੇ, ਤਾਂ ਬਾਅਦ ਇਸ 'ਚ ਤਿੱਲ, ਨਾਰੀਅਲ ਅਤੇ ਇਲਾਇਚੀ ਪਾਊਡਰ ਪਾਓ। ਚੰਗੀ ਤਰ੍ਹਾਂ ਮਿਲਾਓ ਅਤੇ ਲਗਭਗ 2-3 ਮਿੰਟ ਲਈ ਪਕਾਉ। ਮਿਸ਼ਰਣ ਥੋੜਾ ਗਾੜਾ ਹੋਣ ਤੋਂ ਬਾਅਦ ਗੈਸ ਬੰਦ ਕਰ ਦਿਓ। ਮਿਸ਼ਰਣ ਨੂੰ ਥੋੜਾ ਠੰਡਾ ਹੋਣ ਦਿਓ ਅਤੇ ਫਿਰ ਛੋਟੇ ਗੋਲ ਲੱਡੂ ਬਣਾ ਲਓ। ਇਹ ਮਜ਼ੇਦਾਰ ਤਿੱਲਾਂ ਵਾਲੇ ਲੱਡੂ ਖਾਣ ਲਈ ਤਿਆਰ ਹਨ।