ਮੌਸਮ ਦਾ ਪਾਰਾ ਚੜ੍ਹਣ ਲੱਗ ਪਿਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਸ਼ਨੀਵਾਰ ਨੂੰ ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.5 ਡਿਗਰੀ ਸੈਲਸੀਅਸ ਵਧ ਗਿਆ ਹੈ।



ਹਾਲਾਂਕਿ ਇਹ ਤਾਪਮਾਨ ਹਾਲੇ ਵੀ ਆਮ ਹੱਦਾਂ ਅੰਦਰ ਹੈ, ਪਰ ਕੁਝ ਜ਼ਿਲਿਆਂ ਵਿੱਚ ਤੇਜ਼ ਗਰਮੀ ਤੇ ਕਈ ਥਾਵਾਂ 'ਤੇ ਹਨੇਰੀ-ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਰਾਜ ਵਿੱਚ ਸਭ ਤੋਂ ਵੱਧ 38.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਕਿ ਅਬੋਹਰ ਅਤੇ ਸਮਰਾਲਾ ਵਿੱਚ ਰਿਕਾਰਡ ਹੋਇਆ।



ਇਸ ਦੇ ਇਲਾਵਾ, ਪਟਿਆਲਾ, ਅੰਮ੍ਰਿਤਸਰ, ਬਠਿੰਡਾ ਅਤੇ ਲੁਧਿਆਣਾ ਵਰਗੇ ਮੁੱਖ ਸ਼ਹਿਰਾਂ ਵਿੱਚ ਵੀ ਤਾਪਮਾਨ 37 ਡਿਗਰੀ ਤੋਂ ਵੱਧ ਰਿਹਾ।

ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਤੇਜ਼ ਹਨੇਰੀ ਅਤੇ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ।

ਫਰੀਦਕੋਟ, ਮੋਗਾ, ਪਠਾਨਕੋਟ, ਪਟਿਆਲਾ, ਮੋਹਾਲੀ, ਸੰਗਰੂਰ, ਬਠਿੰਡਾ, ਹੁਸ਼ਿਆਰਪੁਰ, ਫ਼ਾਜ਼ਿਲਕਾ ਅਤੇ ਰੂਪਨਗਰ ਵਰਗੇ ਜ਼ਿਲ੍ਹਿਆਂ 'ਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬੂੰਦਾਂ-ਬਾਂਦੀ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਲੋਕਾਂ ਨੂੰ ਤੇਜ਼ ਹਵਾਵਾਂ ਅਤੇ ਗਰਜ਼-ਚਮਕ ਦੇ ਸਮੇਂ ਖੁੱਲੇ ਵਿੱਚ ਨਾ ਰਹਿਣ, ਬਿਜਲੀ ਦੇ ਖੰਭਿਆਂ ਅਤੇ ਦਰੱਖਤਾਂ ਤੋਂ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਹੈ।



ਨਾਲ ਹੀ ਕਿਸਾਨਾਂ ਨੂੰ ਫਸਲਾਂ ਦੀ ਸੁਰੱਖਿਆ ਲਈ ਜ਼ਰੂਰੀ ਸਾਵਧਾਨੀ ਵਰਤਣ ਦੀ ਹਦਾਇਤ ਦਿੱਤੀ ਗਈ ਹੈ।