ਪੰਜਾਬੀ ਮਾਡਲ ਤੇ ਅਦਾਕਾਰਾ ਤਾਨੀਆ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸ ਦੀ ਫਿਲਮ 'ਗੋਡੇ ਗੋਡੇ ਚਾਅ' ਹਾਲ ਹੀ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ ਅਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਫਿਲਮ ਦੀ ਕਾਮਯਾਬੀ ਤੋਂ ਬਾਅਦ ਤਾਨੀਆ ਅੰਮ੍ਰਿਤਸਰ ਪਹੁੰਚੀ ਸੀ। ਇੱਥੇ ਉਸ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫਿਲਮ ਦੀ ਕਾਮਯਾਬੀ ਕਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਅਦਾਕਾਰਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀਆਂ ਹਨ। ਇਸ ਦਾ ਇੱਕ ਵੀਡੀਓ ਵੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਦੀ ਕੈਪਸ਼ਨ 'ਚ ਉਸਨੇ ਲਿਿਖਿਆ, 'ਜਿਸ ਕੇ ਉਪਰ ਤੂ ਸੁਆਮੀ' ਕਾਬਿਲੇਗ਼ੌਰ ਹੈ ਕਿ 'ਗੋਡੇ ਗੋਡੇ ਚਾਅ' 26 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਨੂੰ ਪੂਰੀ ਦੁਨੀਆ 'ਚ ਪੰਜਾਬੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ 'ਚ ਤਾਨੀਆ ਨਿੱਕੋ ਦੀ ਭੂਮਿਕਾ 'ਚ ਨਜ਼ਰ ਆਈ ਹੈ। ਉਸ ਦੇ ਨਾਲ ਨਾਲ ਸੋਨਮ ਬਾਜਵਾ (ਰਾਣੀ), ਗੀਤਾਜ਼ ਬਿੰਦਰੱਖੀਆਂ ਤੇ ਗੁਰਜਾਜ਼ ਵੀ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਹਨ। ਫਿਲਮ ਨੇ ਪਹਿਲੇ ਹਫਤੇ 'ਚ ਹੀ 13.76 ਕਰੋੜ ਦੀ ਕਮਾਈ ਕਰ ਲਈ ਹੈ। ਜੋ ਕਿ ਪੰਜਾਬੀ ਫਿਲਮ ਹੋਣ ਦੇ ਹਿਸਾਬ ਨਾਲ ਬਹੁਤ ਹੀ ਵਧੀਆ ਮੰਨਿਆ ਜਾ ਰਿਹਾ ਹੈ।