ਮਸ਼ਹੂਰ ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ ਨੇ ਆਪਣਾ ਪਾਸਪੋਰਟ ਰੀਨਿਊ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਰ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਮਹਿੰਦੀ ਨੇ ਪਟੀਸ਼ਨ ਵਿਚ ਕਿਹਾ ਸੀ ਕਿ ਉਨ੍ਹਾਂ ਦਾ ਪਾਸਪੋਰਟ ਦਿੱਲੀ ਪਾਸਪੋਰਟ ਦਫ਼ਤਰ ਵਿਚ ਹੈ ਜਿੱਥੇ ਰੀਨਿਊ ਦੀ ਪ੍ਰਕਿਰਿਆ ਪੈਂਡਿੰਗ ਹੈ। ਪਾਸਪੋਰਟ ਦੀ ਮਿਆਦ 16 ਮਾਰਚ ਨੂੰ ਖ਼ਤਮ ਹੋ ਰਹੀ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਅਦਾਲਤ ਅਥਾਰਟੀ ਨੂੰ ਰੀਨਿਊ ਲਈ ਕਹੇ ਪਰ ਹਾਈ ਕੋਰਟ ਨੇ ਕਿਹਾ ਕਿ ਅਥਾਰਟੀ ਨੂੰ ਪਟੀਸ਼ਨ ਵਿੱਚ ਧਿਰ ਨਹੀਂ ਬਣਾਇਆ ਗਿਆ। ਇਸ ’ਤੇ ਵਕੀਲ ਨੇ ਸਮਾਂ ਮੰਗਿਆ। ਹੁਣ ਦਲੇਰ ਮਹਿੰਦੀ ਵਲੋਂ 2 ਹਫ਼ਤਿਆਂ ਦੇ ਅੰਦਰ ਦੁਬਾਰਾ ਅਰਜ਼ੀ ਦਾਇਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿਦਲੇਰ ਮਹਿੰਦੀ ਇਸ ਸਮੇਂ ਕਬੂਤਰਬਾਜ਼ੀ ਮਾਮਲੇ ਵਿਚ ਮੁਲਜ਼ਮ ਹਨ। ਉਨ੍ਹਾਂ 'ਤੇ ਕਬੂਤਰਬਾਜ਼ੀ ਅਤੇ ਗੈਰ-ਕਾਨੂੰਨੀ ਢੰਗ ਨਾਲ ਫਾਰਮ ਹਾਊਸ ਬਣਾਉਣ ਦਾ ਵੀ ਦੋਸ਼ ਸੀ। ਇਨ੍ਹਾਂ ਕਾਰਨਾਂ ਕਰਕੇ ਪੰਜਾਬੀ ਗਾਇਕ ਨੂੰ ਜੁਲਾਈ 2022 ਵਿੱਚ ਜੇਲ੍ਹ ਜਾਣਾ ਪਿਆ ਸੀ। ਹਾਲਾਂਕਿ, ਦਲੇਰ ਮਹਿੰਦੀ ਹੁਣ ਜੇਲ੍ਹ ਤੋਂ ਬਾਹਰ ਆ ਗਏ ਹਨ ਅਤੇ ਬੇਕਸੂਰ ਵੀ ਸਾਬਤ ਹੋ ਗਿਆ ਹੈ।