ਪੰਜਾਬੀ ਗਾਇਕ ਹਰਭਜਨ ਮਾਨ ਵਿਵਾਦਾਂ 'ਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਮਾਨ ਖ਼ਿਲਾਫ਼ ਅਰਬਪਤੀ NRI ਹਰਵਿੰਦਰ ਸਰਾਂ ਤੇ ਦਰਸ਼ਨ ਰੰਗੀ ਨੇ ਹਿਸਾਬ-ਕਿਤਾਬ ’ਚ ਲਗਭਗ ਢਾਈ ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਉਂਦਿਆਂ ਸਿਵਲ ਕੋਰਟ ਮੋਹਾਲੀ ਦਾ ਰੁਖ਼ ਕੀਤਾ ਅਦਾਲਤ ਨੇ ਹਰਭਜਨ ਮਾਨ ਦੀ ਕੰਪਨੀ ਐੱਚ. ਐੱਮ. ਰਿਕਾਰਡਸ, ਹਰਭਜਨ ਮਾਨ ਤੇ ਗੁਰਬਿੰਦਰ ਸਿੰਘ ਨੂੰ 9 ਜਨਵਰੀ, 2023 ਨੂੰ ਜਵਾਬ ਤੇ ਆਧਾਰ ਦੀ ਜਾਣਕਾਰੀ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ। NRI ਹਰਵਿੰਦਰ ਸਰਾਂ ਤੇ ਦਰਸ਼ਨ ਰੰਗੀ ਦਾ ਕਹਿਣਾ ਹੈ ਕਿ ਉਹ ਪੰਜਾਬੀ ਫ਼ਿਲਮ ‘ਪੀ. ਆਰ.’ ਰਾਹੀਂ ਫ਼ਿਲਮ ਨਿਰਮਾਣ ’ਚ ਉਤਰੇ, ਪਰ ਹੁਣ ਉਹ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਹਰਵਿੰਦਰ ਸਰਾਂ ਤੇ ਦਰਸ਼ਨ ਰੰਗੀ ਨੇ ਆਪਣੀ ਫ਼ਿਲਮ ਪ੍ਰੋਡਕਸ਼ਨ ਕੰਪਨੀ ਸਾਰੰਗ ਫ਼ਿਲਮ ਪ੍ਰੋਡਕਸ਼ਨਜ਼ ਦੇ ਡਾਇਰੈਕਟ ਤੇ ਅਟਾਰਨੀ ਅਨੀਸ਼ਾ ਸੀ ਜੌਨ ਰਾਹੀਂ ਮਾਨ ਖ਼ਿਲਾਫ਼ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਈ ਹਰਵਿੰਦਰ ਸਰਾਂ ਹਾਰਵੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜਾਬੀ ਭਾਸ਼ਾ ਦੀ ਸੇਵਾ ਦੇ ਮਕਸਦ ਨਾਲ ਪੰਜਾਬੀ ਫ਼ਿਲਮ ਜਗਤ ’ਚ ਕਦਮ ਰੱਖਿਆ ਸੀ। ਕੈਨੇਡਾ ਦੇ ਵੈਨਕੂਵਰ ਤੋਂ ਹਰਵਿੰਦਰ ਸਰਾਂ ਨੇ ਦੱਸਿਆ ਕਿ ਹਰਭਜਨ ਮਾਨ ਨਾਲ ਉਸ ਦੀ 30 ਸਾਲ ਪੁਰਾਣੀ ਜਾਣ-ਪਛਾਣ ਹੈ। ਹਰਭਜਨ ਮਾਨ ਨੇ ਉਨ੍ਹਾਂ ਨੂੰ ਪੰਜਾਬ ਦੇ ਸਰਗਰਮ ਮੁੱਦੇ ਪੰਜਾਬੀਆਂ ਦੇ ਪ੍ਰਵਾਸ ’ਤੇ ਆਧਾਰਿਤ ਫ਼ਿਲਮ ‘ਪੀ. ਆਰ.’ ਬਣਾਉਣ ਦੀ ਪੇਸ਼ਕਸ਼ ਕੀਤੀ। ਇਸ ਦਾ ਬਜਟ 4 ਕਰੋੜ 68 ਲੱਖ ਰੁਪਏ ਸੀ। ਫ਼ਿਲਮ ਦਾ ਵਿਸ਼ਾ ਪਸੰਦ ਆਉਣ ਤੋਂ ਬਾਅਦ ਹਾਰਵੀ ਨੇ ਮਾਨ ਨਾਲ MOU ਸਾਈਨ ਕੀਤਾ। ਇਸ ਮੁਤਾਬਕ ਦੋਵਾਂ ਨੂੰ ਫ਼ਿਲਮ ਨਿਰਮਾਣ ’ਤੇ ਅੱਧਾ ਖਰਚ ਕਰਨਾ ਪਵੇਗਾ। ਹਰਵਿੰਦਰ ਸਰਾਂ ਤੇ ਦਰਸ਼ਨ ਰੰਗੀ ਨੇ ਹਰਭਜਨ ਮਾਨ ’ਤੇ ਸਾਥੀ ਕਲਾਕਾਰਾਂ ਨੂੰ ਵੀ ਪੂਰਾ ਮਿਹਨਤਾਨਾ ਨਾ ਦੇਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਇਲਾਵਾ ਕਈ ਚੰਗੇ ਗੀਤ ਵੀ ਫ਼ਿਲਮ ਤੋਂ ਹਟਾ ਦਿੱਤੇ ਗਏ।