ਪੁਰਾਣੇ ਜ਼ਮਾਨੇ ਦੇ ਸੁਪਰਸਟਾਰ ਰਾਜ ਕੁਮਾਰ ਫਿਲਮ ਇੰਡਸਟਰੀ ਵਿੱਚ ਆਪਣੀ ਬੇਬਾਕੀ ਲਈ ਜਾਣੇ ਜਾਂਦੇ ਸਨ, ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਰਾਜ ਕੁਮਾਰ ਨੇ ਮੁੰਬਈ ਪੁਲਿਸ ਵਿੱਚ ਕੰਮ ਕੀਤਾ ਸੀ, ਇਸ ਦਾ ਅਸਰ ਉਨ੍ਹਾਂ ਦੇ ਮਿਜ਼ਾਜ 'ਚ ਵੀ ਦੇਖਣ ਨੂੰ ਮਿਲਦਾ ਸੀ। ਉਨ੍ਹਾਂ ਨੂੰ ਹਮੇਸ਼ਾ ਆਪਣੇ ਚੰਗੇ ਲੁੱਕ ਲਈ ਤਾਰੀਫਾਂ ਮਿਲਦੀਆਂ ਸੀ। ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਆਪਣੀ ਵਿਲੱਖਣ ਆਵਾਜ਼ ਅਤੇ ਸ਼ਖਸੀਅਤ ਦੇ ਕਾਰਨ ਅਦਾਕਾਰੀ ਵਿੱਚ ਹੱਥ ਅਜ਼ਮਾਉਣ ਲਈ ਵੀ ਕਿਹਾ। ਰਾਜ ਕੁਮਾਰ ਹਮੇਸ਼ਾ ਵੱਡੇ ਪਰਦੇ 'ਤੇ ਦਿਖਾਈ ਦੇਣਾ ਚਾਹੁੰਦੇ ਸਨ ਅਤੇ ਇਸ ਲਈ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ। ਰਾਜ ਕੁਮਾਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1952 'ਚ ਫਿਲਮ 'ਰੰਗੀਲੀ' ਨਾਲ ਕੀਤੀ ਸੀ। ਇਸ ਦੇ ਨਾਲ ਨਾਲ ਰਾਜ ਕੁਮਾਰ ਨੂੰ ਆਪਣੀ ਹਾਜ਼ਰ ਜਵਾਬੀ ਲਈ ਵੀ ਜਾਣਿਆ ਜਾਂਦਾ ਸੀ। ਇੱਕ ਵਾਰ ਨਿਰਦੇਸ਼ਕ ਪ੍ਰਕਾਸ਼ ਮਹਿਰਾ ਨੇ ਆਪਣੀ ਫ਼ਿਲਮ 'ਜ਼ੰਜੀਰ' ਨੂੰ ਲੈ ਕੇ ਉਸ ਨਾਲ ਸੰਪਰਕ ਕੀਤਾ, ਹਾਲਾਂਕਿ ਰਾਜ ਨੂੰ ਸਕ੍ਰਿਪਟ ਪਸੰਦ ਆਈ, ਪਰ ਉਸ ਨੇ ਇਹ ਕਹਿ ਕੇ ਫ਼ਿਲਮ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ 'ਨਿਰਦੇਸ਼ਕ ਦੀ ਸ਼ਕਲ' ਪਸੰਦ ਨਹੀਂ ਹੈ। ਇਹ ਫਿਲਮ ਆਖਰਕਾਰ ਅਮਿਤਾਭ ਬੱਚਨ ਕੋਲ ਗਈ ਅਤੇ ਫਿਲਮ ਨੇ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਇੰਨਾ ਹੀ ਨਹੀਂ, ਇੱਕ ਵਾਰ ਇੱਕ ਪਾਰਟੀ ਵਿੱਚ, ਰਾਜ ਮਸ਼ਹੂਰ ਗਾਇਕ ਅਤੇ ਸੰਗੀਤਕਾਰ, ਬੱਪੀ ਲਹਿਰੀ ਨੂੰ ਮਿਲੇ। ਬੱਪੀ ਲਹਿਰੀ ਨੇ ਉਸ ਸਮੇਂ ਬਹੁਤ ਸਾਰੇ ਗਹਿਣੇ ਪਹਿਨੇ ਹੋਏ ਸੀ। ਰਾਜ ਨੇ ਬੱਪੀ ਨੂੰ ਦੇਖਿਆ ਅਤੇ ਕਿਹਾ, ਇੱਕ ਤੋਂ ਇੱਕ ਸ਼ਾਨਦਾਰ ਗਹਿਣੇ, ਸਿਰਫ ਮੰਗਲਸੂਤਰ ਦੀ ਕਮੀ ਹੈ।