ਧਰਮਿੰਦਰ ਨੂੰ ਬਾਲੀਵੁੱਡ ਦਾ ਹੀਮੈਨ ਕਿਹਾ ਜਾਂਦਾ ਹੈ। ਧਰਮ ਭਾਜੀ ਬਾਲੀਵੁੱਡ ਦੇ ਉਹ ਸੁਪਰਸਟਾਰ ਹਨ, ਜੋ ਸਭ ਤੋਂ ਜ਼ਿਆਦਾ ਹਿੱਟ ਤੇ ਸੁਪਰਹਿੱਟ ਫਿਲਮਾਂ ਦੇਣ ਵਾਲੇ ਇਕਲੌਤੇ ਐਕਟਰ ਹਨ। ਉਨ੍ਹਾਂ ਦਾ ਰਿਕਾਰਡ ਅੱਜ ਤੱਕ ਕੋਈ ਤੋੜ ਨਹੀਂ ਸਕਿਆ। ਧਰਮਿੰਦਰ ਉਸ ਸਮੇਂ ਸਟਾਰ ਬਣੇ ਜਦੋਂ ਬਾਲੀਵੁੱਡ 'ਚ ਪਹਿਲਾਂ ਤੋਂ ਹੀ ਰਾਜੇਸ਼ ਖੰਨਾ ਵਰਗਾ ਸੁਪਰਸਟਾਰ ਮੌਜੂਦ ਸੀ। ਰਾਜੇਸ਼ ਖੰਨਾ ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਸਨ। ਰਾਜੇਸ਼ ਖੰਨਾ 60-70 ਦੇ ਦਹਾਕਿਆਂ ਦੇ ਸੁਪਰਸਟਾਰ ਸਨ। ਸਭ ਨੂੰ ਇਹੀ ਲੱਗਦਾ ਸੀ ਕਿ ਰਾਜੇਸ਼ ਖੰਨਾ ਦੇ ਬਰਾਬਰ ਕੋਈ ਦੂਜਾ ਸਟਾਰ ਆ ਨਹੀਂ ਸਕੇਗਾ। ਪਰ ਧਰਮਿੰਦਰ ਦੇ ਆਉਣ ਨਾਲ ਸਭ ਬਦਲਣ ਲੱਗ ਪਿਆ ਸੀ। ਕਿਹਾ ਜਾਂਦਾ ਹੈ ਕਿ 1973 ਹੀ ਉਹ ਸਾਲ ਸੀ, ਜਦੋਂ ਰਾਜੇਸ਼ ਖੰਨਾ ਦਾ ਕਰੀਅਰ ਡੋਲਣਾ ਸ਼ੁਰੂ ਹੋਇਆ ਸੀ। ਕਹਿੰਦੇ ਨੇ ਨਾ ਕਿ ਹਰ ਕਿਸੇ ਦੀ ਕਾਮਯਾਬੀ ਦਾ ਸੂਰਜ ਜੇ ਚੜ੍ਹਦਾ ਹੈ, ਤਾਂ ਇੱਕ ਦਿਨ ਡੁੱਬਦਾ ਵੀ ਹੈ। ਆਖਰ 1973 ਹੀ ਉਹ ਸਾਲ ਸੀ, ਜਦੋਂ ਰਾਜੇਸ਼ ਖੰਨਾ ਦੀ ਸਲਤਨਤ 'ਚ ਸੰਨ੍ਹ ਲਾਉਣ ਦਾ ਕੰਮ ਧਰਮਿੰਦਰ ਨੇ ਕੀਤਾ। ਸਾਲ 1973 'ਚ ਰਾਜੇਸ਼ ਖੰਨਾ ਦਾ ਕਰੀਅਰ ਡੁੱਬਣਾ ਸ਼ੁਰੂ ਹੋ ਗਿਆ। ਉਨ੍ਹਾਂ ਦੀ ਇੱਕ ਫਿਲਮ 'ਦਿਲ ਦੌਲਤ ਦੁਨੀਆ' 1973 'ਚ ਆਈ, ਜੋ ਕਿ ਬੁਰੀ ਤਰ੍ਹਾਂ ਫਲੌਪ ਹੋਈ ਸੀ। ਇਹ ਫਿਲਮ ਹੀ ਰਾਜੇਸ਼ ਖੰਨਾ ਲਈ ਉਨ੍ਹਾਂ ਦੀ ਬਰਬਾਦੀ ਲੈਕੇ ਆਈ ਸੀ। ਦੂਜੇ ਪਾਸੇ, 1973 ਸਾਲ ਧਰਮਿੰਦਰ ਦੀ ਕਾਮਯਾਬੀ ਵਾਲਾ ਸਾਲ ਸਾਬਤ ਹੋਇਆ ਸੀ। ਇਸ ਸਾਲ ਧਰਮਿੰਦਰ ਦੀਆਂ ਲਗਾਤਾਰ 7 ਫਿਲਮਾਂ ਸੁਪਰਹਿੱਟ ਹੋ ਗਈਆਂ ਸੀ। ਇਸ ਕਾਮਯਾਬੀ ਤੋਂ ਬਾਅਦ ਧਰਮਿੰਦਰ ਸੁਪਰਸਟਾਰ ਦੇ ਸਿੰਘਾਸਣ 'ਤੇ ਬੈਠਣ ਵਾਲੇ ਸੀ, ਜਦਕਿ ਰਾਜੇਸ਼ ਖੰਨਾ ਦਾ ਸਿੰਘਾਸਣ ਡੋਲਣਾ ਸ਼ੁਰੂ ਹੋ ਗਿਆ ਸੀ। ਆਖਰ 1973 'ਚ ਧਰਮਿੰਦਰ ਦੀ ਇੱਕ ਫਿਲਮ ਹੋਰ ਆਈ, ਜਿਸ ਨੇ ਉਨ੍ਹਾਂ ਨੂੰ ਸੁਪਰਸਟਾਰ ਦੇ ਸਿੰਘਾਸਣ 'ਤੇ ਬਿਠਾਇਆ ਅਤੇ ਰਾਜੇਸ਼ ਖੰਨਾ ਨੂੰ ਹੇਠਾਂ ਲਾਹਿਆ। ਉਹ ਫਿਲਮ ਸੀ 'ਲੋਫਰ'। ਇਹ ਫਿਲਮ ਸੁਪਰਹਿੱਟ ਸੀ।