ਗੁਰਦੁਆਰਾ ਧਮਤਾਨ ਸਾਹਿਬ ਹਰਿਆਣਾ ਦੇ ਜ਼ਿਲ੍ਹਾ ਜੀਂਦ ਵਿੱਚ ਸੁਭਾਇਮਾਨ ਹੈ।



ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਪਵਿੱਤਰ ਅਸਥਾਨ 'ਤੇ ਦੋ ਵਾਰ ਚਰਨ ਪਾਏ, ਇੱਕ ਵਾਰ ਜਦੋਂ ਉਹ ਕੈਥਲ ਗਏ ਅਤੇ ਦੂਸਰੀ ਵਾਰ ਟੋਹਾਣਾ ਜਾਣ ਵੇਲੇ।



ਇਹ ਪਾਵਨ ਅਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਯਾਦ ‘ਚ ਸੁਭਾਇਮਾਨ ਹੈ। ਗੁਰੂ ਜੀ ਬਾਂਗਰ ਤੋਂ ਆਗਰੇ ਨੂੰ ਜਾਂਦੇ ਹੋਏ ਇਥੇ ਪਧਾਰੇ ਸਨ।



‘ਚੌਧਰੀ ਦਾਸੋ’ ਨੂੰ ਗੁਰੂ ਜੀ ਨੇ ਬਾਂਗਰ ਦੇਸ਼ ਦਾ ਮਸੰਦ ਥਾਪਿਆ।



ਭਾਈ ਰਾਮਦੇਵ ਨਾਂ ਦਾ ਇਕ ਸ਼ਰਧਾਲੂ ਆਈਆਂ ਸੰਗਤਾਂ ਨੂੰ ਜਲ ਛਕਾਉਣ, ਲੰਗਰ ਲਈ ਜਲ ਭਰਨ ਤੇ ਗੁਰੂ-ਘਰ ਵਿਚ ਜਲ ਛਿੜਕਣ ਦੀ ਸੇਵਾ ਕਰਦਾ ਸੀ।



ਇਕ ਦਿਨ ਭਾਈ ਰਾਮਦੇਵ ਨੇ ਗੁਰੂ-ਘਰ ਵਿਚ ਇੰਨਾ ਜਲ ਛਿੜਕਿਆ ਜਿਵੇਂ ਮੀਂਹ ਪਿਆ ਹੋਵੇ।



ਗੁਰੂ ਜੀ ਨੇ ਖੁਸ਼ ਹੋਕੇ ਭਾਈ ਰਾਮਦੇਵ ਨੂੰ ‘ਭਾਈ ਮੀਹਾਂ ’ ਦੇ ਨਾਂ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ ਅਤੇ ਗੁਰੂ ਘਰ ਵੱਲੋਂ ਇਕ ਨਗਾਰਾ ਤੇ ਇਕ ਨਿਸ਼ਾਨ ਸਾਹਿਬ ਦੀ ਬਖ਼ਸ਼ਿਸ਼ ਕੀਤੀ।



ਗੁਰੂ ਜੀ ਇਸ ਜਗ੍ਹਾ ‘ਤੇ ਕਾਫ਼ੀ ਸਮਾਂ ਠਹਿਰੇ। ਇਸ ਇਤਿਹਾਸਕ ਅਸਥਾਨ ਦੀ ਪਹਿਲਾਂ ਮਹਾਰਾਜਾ ਕਰਮ ਸਿੰਘ ਨੇ ਸੇਵਾ ਕਰਵਾਈ।



ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬਹੁਤ ਸਮਾਂ ਪਿਤਾਪੁਰਖੀ ਮਹੰਤਾਂ ਪਾਸ ਹੀ ਰਿਹਾ। ਹੁਣ ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ ਅਧੀਨ ਹੈ।



ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਨਵੀਂ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ ਹੈ।