ਅੰਮ੍ਰਿਤਸਰ ਦੀ ਧਰਤੀ ਨੂੰ ਗੁਰੂਆ-ਪੀਰਾਂ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ। ਜਿਥੇ ਰਿਸ਼ੀਆਂ-ਮੁਨੀਆਂ ਤੇ ਗੁਰੂਆਂ ਨੇ ਧਰਮ ਤੇ ਮਨੁੱਖਤਾ ਦੇ ਭਲੇ ਲਈ ਅਥਾਹ ਕਾਰਜ ਕੀਤੇ।



ਇਸ ਧਰਤੀ ਉੱਤੇ ਕਈ ਇਤਿਹਾਸਕ ਜੰਗਾਂ ਹੋਈਆਂ, ਜਿਨ੍ਹਾਂ ਵਿਚ ਲੜਨ ਵਾਲੀਆਂ ਕਈ ਮਹਾਨ ਸ਼ਖ਼ਸੀਅਤਾਂ ਹਨ।



ਇਨ੍ਹਾਂ ਨੇ ਦੁਨੀਆਂ ਦੇ ਇਤਿਹਾਸ ਵਿਚ ਆਪਣੀਆਂ ਵਿਲੱਖਣ ਕੁਰਬਾਨੀਆਂ ਕਰਕੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਉੱਤੇ ਆਪਣੇ ਨਾਂਅ ਦਰਜ ਕਰਵਾ ਕੇ ਆਪ ਸਦਾ ਲਈ ਅਮਰ ਹੋ ਗਏ।



ਇਸ ਲੜੀ ਵਿਚ ਅਜਿਹੇ ਹੀ ਇਕ ਅਮਰ ਸ਼ਹੀਦ ਦੇ ਸ਼ਹੀਦੀ ਅਸਥਾਨ ਨੂੰ ਸਾਂਭਣ ਦਾ ਮਾਣ ਹਾਸਲ ਹੈ



ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਨੂੰ ਜੋ ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਪਿੰਡ ਚੱਬਾ ਵਿਖੇ ਸਥਿਤ ਹੈ।



ਇਸ ਸਥਾਨ ‘ਤੇ ਸਿੱਖ ਇਤਿਹਾਸ ਦੀ ਅਹਿਮ ਜੰਗ 1757 ਈ: ਵਿਚ ਮੁਗਲ ਫੌਜਾਂ ਕੋਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਬਾਬਾ ਦੀਪ ਸਿੰਘ ਦੇ ਸਿੰਘਾਂ



ਅਤੇ ਮੁਗਲ ਹਕੂਮਤ ਦੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲ ਜਹਾਨ ਖਾਂ ਦੀਆਂ ਹਜ਼ਾਰਾਂ ਫੌਜਾਂ ਦਰਮਿਆਨ ਹੋਈ



ਜਿਸ ਵਿਚ ਬਾਬਾ ਦੀਪ ਸਿੰਘ ਦਾ ਸਾਂਝੇ ਵਾਰ ਦੌਰਾਨ ਇਸ ਜਗ੍ਹਾ ‘ਤੇ ਸੀਸ ਧੜ ਤੋਂ ਅਲੱਗ ਹੋ ਗਿਆ ਸੀ ਪਰ ਉਨ੍ਹਾਂ ਨੇ ਚਮਤਕਾਰੀ ਹੌਸਲਾ ਕਰਦਿਆਂ ਸੀਸ ਤਲੀ ‘ਤੇ ਰੱਖ ਕੇ ਮੁਗਲ ਫੌਜਾਂ ਨਾਲ ਜੰਗ ਜਾਰੀ ਰੱਖੀ।



ਉਨ੍ਹਾਂ ਦੀ ਇਸ ਯਾਦਗਾਰ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਇਥੇ ਗੁ: ਸ੍ਰੀ ਟਾਹਲਾ ਸਾਹਿਬ ਸੁਸ਼ੋਭਿਤ ਹੈ, ਜਿਸ ਨੂੰ ਬਾਬਾ ਦਰਸ਼ਨ ਸਿੰਘ ਨੇ ਸਿੱਖਾਂ ਦੀ ਰਵਾਇਤ ਕਾਰ ਸੇਵਾ ਦੇ ਨਾਲ ਉਸਾਰਿਆ ਹੈ।



ਆਧੁਨਿਕ ਤਰੀਕੇ ਨਾਲ ਬਣ ਰਹੀ ਇਸ ਇਮਾਰਤ ਦੀ ਸੇਵਾ ਜਾਰੀ ਹੈ, ਇਸ ਦੇ ਨਾਲ ਲੰਗਰ ਹਾਲ, ਕਾਰ ਪਾਰਕਿੰਗ, ਜੋੜਾ-ਘਰ ਦੀਆਂ ਇਮਾਰਤਾਂ ਵੀ ਉਸਾਰੀ ਅਧੀਨ ਹਨ।