ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਪੰਜਵੇਂ ਪਾਤਸ਼ਾਹ Sri Guru Arjun Dev ji ਦੀ ਚਰਨ-ਛੋਹ ਪ੍ਰਾਪਤ ਧਰਤੀ ਹੈ।



ਸ੍ਰੀ ਗੁਰੂ ਅਰਜਨ ਦੇਵ ਜੀ ‘ਗੁਰਦੁਆਰਾ ਬਾਰਠ ਸਾਹਿਬ’ ਦੇ ਅਸਥਾਨ ‘ਤੇ ਬਾਬਾ ਸ੍ਰੀ ਚੰਦ ਜੀ ਨੂੰ ਮਿਲਣ ਉਪਰੰਤ ਅੰਮ੍ਰਿਤਸਰ ਨੂੰ ਵਾਪਸੀ ਸਮੇਂ ਇਸ ਅਸਥਾਨ ‘ਤੇ ਇਕ ਰਾਤ ਠਹਿਰੇ ਸਨ।



ਉਸ ਸਮੇਂ ਇਹ ਅਸਥਾਨ ਬੇ-ਅਬਾਦ ਸੀ। ਪ੍ਰੇਮੀ ਗੁਰਸਿੱਖਾਂ ਨੇ ਜਿਸ ਅਸਥਾਨ ‘ਤੇ ਗੁਰੂ ਜੀ ਬੈਠੇ ਸਨ, ਉਥੇ ਮਿੱਟੀ ਦਾ ‘ਬੁਰਜ’ ਉਸਾਰ ਦਿੱਤਾ।



ਇਸ ਕਰਕੇ ਇਹ ਅਸਥਾਨ ‘ਬੁਰਜ ਸਾਹਿਬ’ ਦੇ ਨਾਮ ਨਾਲ ਪ੍ਰਸਿੱਧ ਹੋਇਆ।



ਪਹਿਲਾਂ ਪ੍ਰਬੰਧ ਪਿਤਾ-ਪੁਰਖੀ ਮਹੰਤਾਂ ਪਾਸ ਸੀ, 1922 ਈ: ਵਿਚ ਅਕਾਲੀ ਜਥਾ ਗੁਰਦਾਸਪੁਰ ਨੇ ਪ੍ਰਬੰਧ ਸੰਭਾਲ ਲਿਆ।



1927 ਈ: ਵਿਚ ਗੁਰਦੁਆਰਾ ਸਾਹਿਬ ਦੇ ਨਾਲ ਬਣੇ ਸਰੋਵਰ ਨੂੰ ਪੱਕਿਆਂ ਕਰਨ ਦਾ ਕਾਰਜ ਅਰੰਭਿਆ ਗਿਆ।



1948 ਈ: ਵਿਚ ਗੁਰਦੁਆਰਾ ਸਾਹਿਬ ਵੱਲੋਂ ਵਿੱਦਿਆ ਦੇ ਪ੍ਰਸਾਰ ਅਤੇ ਗੁਰਮਤਿ ਪ੍ਰਚਾਰ ਲਈ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਹਾਈ ਸਕੂਲ ਸ਼ੁਰੂ ਕੀਤਾ ਗਿਆ।



ਅਗਸਤ 1953 ਈ: ਵਿਚ ਗੁਰਦੁਆਰਾ ਸਾਹਿਬ ਦੀ ਆਧੁਨਿਕ ਇਮਾਰਤ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ ਤੇ 1965 ਈ: ਵਿਚ ਸੰਪੂਰਨ ਹੋਇਆ।



ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੁਣ ‘ਲੋਕਲ ਕਮੇਟੀ’ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਕੋਲ ਹੈ।



ਇਹ ਇਤਿਹਾਸਕ ਅਸਥਾਨ ਪਿੰਡ ਫਤੇ ਨੰਗਲ, ਡਾਕਘਰ ਧਾਰੀਵਾਲ ਤਹਿਸੀਲ/ਜ਼ਿਲ੍ਹਾ ਗੁਰਦਾਸਪੁਰ ਵਿਚ ਅੰਮ੍ਰਿਤਸਰ ਤੋਂ ਪਠਾਨਕੋਟ (ਜੰਮੂ) ਰੋਡ ‘ਤੇ ਧਾਰੀਵਾਲ ਬੱਸ ਸਟੈਂਡ ਤੋਂ ਡੇਢ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।