ਇਕ ਵਾਰ ਗੁਰੂ ਅਰਜਨ ਦੇਵ ਸਾਹਿਬ ਜੀ ਸ਼੍ਰੀ ਤਰਨਤਾਰਨ ਸਾਹਿਬ ਦੀ ਧਰਤੀ ਤੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ। ਸਾਰੀਆਂ ਸਿੱਖ ਸੰਗਤਾਂ ਮਨ ਚਿੱਤ ਕਰਕੇ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਰਹੀਆਂ ਸਨ।



ਤਾਂ ਉਸੇ ਹੀ ਸਮੇਂ ਬਾਦਸ਼ਾਹ ਜਹਾਂਗੀਰ ਦਾ ਲਸ਼ਕਰ ਜਿਹੜਾ ਕਿ ਲਾਹੌਰ ਨੂੰ ਜਾ ਰਿਹਾ ਸੀ। ਸੰਗਤ ਦੇ ਕੋਲ ਦੀ ਗੁਜ਼ਰਿਆ ਜਿਸ ਵਿਚ ਬੇਅੰਤ ਹਾਥੀ ਸ਼ਿੰਗਾਰੇ ਹੋਏ ਆਪਣੀ ਮਟਕ ਮਟਕ ਚਾਲ ਚੱਲ ਰਹੇ ਸਨ। ਉਨ੍ਹਾਂ ਉੱਪਰ ਅੰਬਾਰੀਆਂ ਤੇ ਬੈਠੇ ਬੰਦੇ ਵੀ ਹਾਥੀ ਦੀ ਚਾਲ ਦੇ ਨਾਲ ਹੀ ਝੂਲਦੇ ਜਾ ਰਹੇ ਸਨ।



ਇਸ ਦਿਲਕਸ਼ ਨਜ਼ਾਰੇ ਨੇ ਸਾਰੀ ਸੰਗਤ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਗੁਰੂ ਸਾਹਿਬ ਉਪਦੇਸ਼ ਦੇ ਰਹੇ ਹਨ। ਪਰ ਸੰਗਤ ਸਾਰੀ ਜਹਾਂਗੀਰ ਦੇ ਲਸ਼ਕਰ ਵੱਲ ਦੇਖੀ ਜਾਵੇ। ਗੁਰੂ ਸਾਹਿਬ ਨੇ ਪੁੱਛਿਆ ਕਿ ਸੰਗਤੇ ਕੀ ਗੱਲ ਹੈ



ਅਸੀਂ ਉਪਦੇਸ਼ ਦੇ ਰਹੇ ਹਾਂ ਪਰ ਤੁਸੀਂ ਧਿਆਨ ਕਿਸੇ ਹੋਰ ਪਾਸੇ ਕਿਉਂ ਲਾਇਆ ਹੈ। ਤਾਂ ਸੰਗਤ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਔਹ ਦੇਖੋ ਬਾਦਸ਼ਾਹ ਦਾ ਲਸ਼ਕਰ ਜਾ ਰਿਹਾ ਹੈ। ਦੇਖੋ ਕਿਸ ਤਰ੍ਹਾਂ ਹਾਥੀ ਝੂਮ ਰਹੇ ਹਨ। ਸਾਡਾ ਵੀ ਜੀਅ ਕਰਦਾ ਹੈ ਕਿ ਅਸੀਂ ਵੀ ਹਾਥੀਆਂ ਦੀ ਸਵਾਰੀ ਕਰੀਏ।



(ਉਸ ਸਮੇਂ ਹਾਥੀ ਬਾਦਸ਼ਾਹਾਂ ਕੋਲ ਹੀ ਹੋਇਆ ਕਰਦੇ ਸਨ। ਅਤੇ ਇਹ ਇਕ ਸ਼ਾਹੀ ਸਵਾਰੀ ਸੀ।) ਇਹ ਸੁਣਕੇ ਗੁਰੂ ਸਾਹਿਬ ਨੇ ਸਾਹਮਣੇ ਖੜ੍ਹੀ ਕੰਧ ਵੱਲ ਨੂੰ ਇਸ਼ਾਰਾ ਕੀਤਾ ਤੇ ਬਚਨ ਕੀਤਾ ਕਿ ਜੇ ਝੂਟੇ ਲੈਣੇ ਹਨ ਤਾਂ ਔਹ ਕੰਧ ਤੇ ਬੈਠ ਜਾਵੋ।



ਇਹ ਸੁਣ ਸਾਰੀ ਸੰਗਤ ਕੰਧ ਤੇ ਬੈਠ ਗਈ ਜਦ ਵਾਹਿਗੁਰੂ ਦਾ ਸਿਮਰਨ ਕੀਤਾ ਤਾਂ ਉਹ ਕੰਧ ਵੀ ਹਾਥੀ ਦੀ ਤਰ੍ਹਾਂ ਝੂੰਲਣ ਲੱਗੀ। ਸਾਰੀ ਸੰਗਤ ਨੂੰ ਇਉ ਪਰਤੀਤ ਹੋਇਆ ਕਿ ਅਸੀਂ ਹਾਥੀ ਦੀ ਹੀ ਸਵਾਰੀ ਕਰ ਰਹੇ ਹਾ।



ਇਸ ਤੋਂ ਬਾਅਦ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਹਾਥੀ ਤਾਂ ਇਕ ਸੁਆਸ ਵਸਤੂ ਹੈ ਜਿਹੜਾ ਕਿ ਸਦਾ ਨਹੀਂ ਰਹਿ ਸਕਦਾ ਇਸ ਲਈ ਸਾਡੇ ਇਹ ਮਹਿਲ ਹਮੇਸ਼ਾ ਹੀ ਝੂਲਦੇ ਰਹਿਣਗੇ।



ਸਤਿਗੁਰਾਂ ਦਾ ਇਹ ਬਚਨ ਅੱਜ ਵੀ ਸੱਤ ਹੈ ਅੱਜ ਵੀ ਗੁਰਦੁਆਰਾ ਝੂਲਣੇ ਮਹਿਲ ਸ਼੍ਰੀ ਅੰਮ੍ਰਿਤਸਰ ਤਰਨਤਾਰਨ ਵਿਖੇ ਇਹ ਦੀਵਾਰ ਮੌਜੂਦ ਹੈ ਤੇ ਅੱਜ ਵੀ ਸੰਗਤਾਂ ਨੂੰ ਇਸ 'ਤੇ ਬੈਠਕੇ ਝੂਟੇ ਮਿਲਦੇ ਹਨ।



ਇਸ ਅਸਥਾਨ ਤੇ ਗੁਰੂ ਅਰਜਨ ਦੇਵ ਜੀ ਸ਼੍ਰੀ ਤਰਨਤਾਰਨ ਸਾਹਿਬ ਦੇ ਸਰੋਵਰ ਦੀ ਸੇਵਾ ਸਮੇਂ ਸੱਤ ਸਾਲ ਸੱਤ ਮਹੀਨੇ ਤੇ ਸੱਤ ਦਿਨ ਰਹੇ ਸਨ। ਹਰੇਕ ਸ਼ੰਕਾਵਾਦੀ ਤੇ ਤਰਕਵਾਦੀ ਇਸ ਅਸਥਾਨ ਤੇ ਜਾਕੇ ਆਪਣੀ ਨਿਸ਼ਚਾ ਕਰ ਸਕਦਾ ਹੈ।



ਅੰਗਰੇਜ਼ ਰਾਜ ਸਮੇਂ ਅੰਗਰੇਜ਼ਾਂ ਨੇ ਵੀ ਇਸ ਦੀਵਾਰ ਦੇ ਹਿਲਣ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੂੰ ਕੋਈ ਥੁਹ ਪਤਾ ਨਹੀਂ ਲੱਗਾ। ਕਿਉਂਕਿ ਇਹ ਦੀਵਾਰ ਕਿਸੇ ਜੁਗਤ ਕਰਕੇ ਨਹੀਂ ਬਲਕਿ ਗੁਰੂ ਸਾਹਿਬ ਦੇ ਬਚਨਾਂ ਕਰਕੇ ਹੀ ਹਿੱਲਦੀ ਹੈ।