ICC Cricket World Cup 2023: ਸ਼ੁਭਮਨ ਗਿੱਲ ਲਈ ਵਿਸ਼ਵ ਕੱਪ ਵਿੱਚ ਹਿੱਸਾ ਲੈਣਾ ਕਾਫੀ ਮੁਸ਼ਕਲ ਹੋ ਰਿਹਾ ਹੈ। ਗਿੱਲ ਪਿਛਲੇ ਕਈ ਦਿਨਾਂ ਤੋਂ ਡੇਂਗੂ ਬੁਖਾਰ ਤੋਂ ਪੀੜਤ ਹਨ।



ਉਨ੍ਹਾਂ ਨੂੰ ਐਤਵਾਰ ਨੂੰ ਵੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਅੱਜ ਮੰਗਲਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ



ਪਰ ਫਿਰ ਵੀ ਉਨ੍ਹਾਂ ਲਈ ਵਿਸ਼ਵ ਕੱਪ ਦੇ ਆਗਾਮੀ ਮੈਚਾਂ 'ਚ ਖੇਡਣਾ ਮੁਸ਼ਕਲ ਹੈ ਕਿਉਂਕਿ ਕਿਸੇ ਵੀ ਵਿਅਕਤੀ ਨੂੰ ਡੇਂਗੂ ਤੋਂ ਠੀਕ ਹੋਣ ਅਤੇ ਫਿੱਟ ਹੋਣ 'ਚ ਘੱਟੋ-ਘੱਟ ਦੋ ਹਫਤੇ ਲੱਗ ਜਾਂਦੇ ਹਨ।



ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ, ਬੀਸੀਸੀਆਈ ਦੀ ਸੀਨੀਅਰ ਚੋਣ ਕਮੇਟੀ ਇੱਕ ਮੀਟਿੰਗ ਕਰਨ ਜਾ ਰਹੀ ਹੈ। ਜਿਸ ਵਿੱਚ ਗਿੱਲ ਦੇ ਅਫਗਾਨਿਸਤਾਨ ਮੈਚ ਵਿੱਚ ਖੇਡਣ ਅਤੇ ਵਿਸ਼ਵ ਕੱਪ ਦੇ ਬਾਕੀ ਬਚੇ ਮੈਚਾਂ ਉੱਤੇ ਵਿਚਾਰ ਕੀਤਾ ਜਾਵੇਗਾ।



ਜੇਕਰ ਭਾਰਤੀ ਟੀਮ ਗਿੱਲ ਦੀ ਰਿਪਲੈਸਮੈਂਟ ਦੀ ਮੰਗ ਕਰਦੀ ਹੈ ਤਾਂ ਬੀਸੀਸੀਆਈ ਦੀ ਸੀਨੀਅਰ ਚੋਣ ਕਮੇਟੀ ਰੁਤੁਰਾਜ ਗਾਇਕਵਾੜ ਜਾਂ ਯਸ਼ਸਵੀ ਜੈਸਵਾਲ ਵਿੱਚੋਂ ਕਿਸੇ ਨੂੰ ਮਨਜ਼ੂਰੀ ਦੇ ਸਕਦੀ ਹੈ।



ਇਸ ਦਾ ਮਤਲਬ ਹੈ ਕਿ ਜੇਕਰ ਸ਼ੁਭਮਨ ਗਿੱਲ ਜਲਦੀ ਠੀਕ ਨਹੀਂ ਹੁੰਦੇ ਹਨ ਅਤੇ ਟੀਮ ਇੰਡੀਆ ਦੇ ਕੋਚ ਅਤੇ ਕਪਤਾਨ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਖਿਡਾਰੀ ਦੀ ਮੰਗ ਕਰਦੇ ਹਨ,



ਤਾਂ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਵਿਸ਼ਵ ਕੱਪ ਲਈ ਰੁਤੁਰਾਜ ਗਾਇਕਵਾੜ ਅਤੇ ਯਸ਼ਸਵੀ ਜੈਸਵਾਲ ਵਿੱਚੋਂ ਕਿਸੇ ਇੱਕ ਖਿਡਾਰੀ ਨੂੰ ਵਿਸ਼ਵ ਕੱਪ ਦੀ 15 ਮੈਂਬਰੀ ਟੀਮ ਵਿੱਚ ਜਗ੍ਹਾ ਦੇ ਸਕਦੀ ਹੈ।



ਦੱਸ ਦੇਈਏ ਕਿ ਹਾਲ ਹੀ ਵਿੱਚ ਖਤਮ ਹੋਈਆਂ ਏਸ਼ਿਆਈ ਖੇਡਾਂ ਵਿੱਚ ਯਸ਼ਸਵੀ ਦੇ ਬੱਲੇ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਇਸ ਦੇ ਨਾਲ ਹੀ ਰੁਤੂਰਾਜ ਨੇ ਆਸਟ੍ਰੇਲੀਆ ਖਿਲਾਫ ਘਰੇਲੂ ਸੀਰੀਜ਼ 'ਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ।



ਹਾਲਾਂਕਿ ਇਨ੍ਹਾਂ 'ਚੋਂ ਕੋਈ ਵੀ ਖਿਡਾਰੀ ਸ਼ੁਭਮਨ ਗਿੱਲ ਵਾਂਗ ਚੰਗੀ ਫਾਰਮ 'ਚ ਨਹੀਂ ਹੈ।



ਅਜਿਹੇ 'ਚ ਗਿੱਲ ਦਾ ਵਿਸ਼ਵ ਕੱਪ 'ਚ ਨਾ ਖੇਡ ਸਕਣਾ ਟੀਮ ਇੰਡੀਆ ਲਈ ਸ਼ਾਇਦ ਸਭ ਤੋਂ ਵੱਡਾ ਨੁਕਸਾਨ ਹੋਵੇਗਾ। ਇਸ ਕਾਰਨ ਭਾਰਤੀ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਅਤੇ ਕਪਤਾਨ ਰੋਹਿਤ ਸ਼ਰਮਾ ਗਿੱਲ ਦੇ ਠੀਕ ਹੋਣ ਦਾ ਇੰਤਜ਼ਾਰ ਕਰ ਸਕਦੇ ਹਨ।