Shoaib Malik On Sania Mirza : ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਆਸਟ੍ਰੇਲੀਅਨ ਓਪਨ 'ਚ ਆਪਣੇ ਗ੍ਰੈਂਡ ਸਲੈਮ ਕਰੀਅਰ ਦਾ ਆਖਰੀ ਮੈਚ ਖੇਡਿਆ। ਸਾਨੀਆ ਆਪਣੇ ਜੋੜੀਦਾਰ ਰੋਹਨ ਬੋਪੰਨਾ ਦੇ ਨਾਲ ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਪਹੁੰਚੀ। ਹਾਲਾਂਕਿ ਉਸ ਨੂੰ ਖ਼ਿਤਾਬੀ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਤੋਂ ਬਾਅਦ ਇੰਟਰਵਿਊ ਦੌਰਾਨ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਗ੍ਰੈਂਡ ਸਲੈਮ 'ਚ ਆਪਣਾ ਆਖਰੀ ਮੈਚ ਖੇਡਣ ਵਾਲੀ ਸਾਨੀਆ ਨੂੰ ਦੁਨੀਆ ਭਰ ਤੋਂ ਵਧਾਈ ਦੇ ਸੰਦੇਸ਼ ਮਿਲੇ ਹਨ। ਇਸ ਦੌਰਾਨ ਸਾਨੀਆ ਮਿਰਜ਼ਾ ਦੇ ਪਤੀ ਅਤੇ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਨੇ ਵੀ ਉਨ੍ਹਾਂ ਪ੍ਰਤੀ ਅਥਾਹ ਪਿਆਰ ਅਤੇ ਸਤਿਕਾਰ ਜ਼ਾਹਰ ਕਰਦੇ ਹੋਏ ਭਾਵੁਕ ਟਵੀਟ ਕੀਤਾ। ਉਨ੍ਹਾਂ ਦੇ ਟਵੀਟ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਸਟਾਰ ਜੋੜੇ ਵਿਚਾਲੇ ਤਲਾਕ ਦੀ ਖਬਰ ਸਿਰਫ ਅਫਵਾਹ ਹੈ। ਸ਼ੋਏਬ ਮਲਿਕ ਨੇ ਟਵੀਟ ਕਰਕੇ ਲਿਖਿਆ, ਸਾਨੀਆ ਖੇਡਾਂ 'ਚ ਸਾਰੀਆਂ ਔਰਤਾਂ ਲਈ ਉਮੀਦ ਹੈ। ਤੁਸੀਂ ਆਪਣੇ ਕਰੀਅਰ ਵਿੱਚ ਜੋ ਪ੍ਰਾਪਤ ਕੀਤਾ ਹੈ ਉਸ ਲਈ ਤੁਹਾਡੇ 'ਤੇ ਬਹੁਤ ਮਾਣ ਹੈ। ਤੁਸੀਂ ਕਈਆਂ ਲਈ ਪ੍ਰੇਰਣਾ ਹੋ, ਮਜ਼ਬੂਤਰਹੋ। ਤੁਹਾਡੇ ਸ਼ਾਨਦਾਰ ਕਰੀਅਰ ਲਈ ਬਹੁਤ-ਬਹੁਤ ਵਧਾਈਆਂ। ਯਾਦ ਰਹੇ, ਸਾਨੀਆ ਨੇ ਡਬਲਜ਼ ਅਤੇ ਮਿਕਸਡ ਡਬਲਜ਼ ਵਿੱਚ ਛੇ ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ। ਉਹ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਤੋਂ ਬਾਅਦ ਭਾਰਤ ਤੋਂ ਸਭ ਤੋਂ ਵੱਧ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਿੱਚ ਸਫਲ ਰਹੀ। ਪਿਛਲੇ ਕੁਝ ਮਹੀਨਿਆਂ ਤੋਂ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਵਿਚਾਲੇ ਤਲਾਕ ਦੀਆਂ ਅਫਵਾਹਾਂ ਚੱਲ ਰਹੀਆਂ ਸਨ ਪਰ ਇਸ ਸਟਾਰ ਜੋੜੇ ਨੇ ਅਜੇ ਤੱਕ ਤਲਾਕ ਦਾ ਕੋਈ ਰਸਮੀ ਐਲਾਨ ਨਹੀਂ ਕੀਤਾ ਹੈ। ਸਾਨੀਆ ਦੇ ਆਖ਼ਰੀ ਗਰੈਂਡ ਸਲੈਮ ਮੈਚ ਤੋਂ ਬਾਅਦ ਸ਼ੋਏਬ ਦੇ ਟਵੀਟ ਤੋਂ ਇਹ ਸਾਫ਼ ਹੋ ਗਿਆ ਹੋਵੇਗਾ ਕਿ ਇਸ ਸਮੇਂ ਦੋਵਾਂ ਵਿਚਾਲੇ ਸਭ ਕੁਝ ਠੀਕ ਹੈ। ਇਸ ਤੋਂ ਇਲਾਵਾ ਸ਼ੋਏਬ ਮਲਿਕ ਅੱਜ ਤੱਕ ਇੰਸਟਾਗ੍ਰਾਮ 'ਤੇ ਸਾਨੀਆ ਦੇ ਪਤੀ ਬਣੇ ਹੋਏ ਹਨ। ਉਸ ਦਾ ਇੰਸਟਾਗ੍ਰਾਮ ਬਾਇਓ ਲਿਖਿਆ ਹੈ, 'ਸੁਪਰਵੂਮੈਨ ਸਾਨੀਆ ਮਿਰਜ਼ਾ ਦਾ ਪਤੀ'। ਸਾਨੀਆ ਮਿਰਜ਼ਾ ਨੇ ਹਾਲ ਹੀ ਵਿੱਚ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਮੰਨਿਆ ਜਾ ਰਿਹਾ ਸੀ ਕਿ ਆਸਟ੍ਰੇਲੀਅਨ ਓਪਨ 'ਚ ਮਿਕਸਡ ਡਬਲਜ਼ ਦਾ ਫਾਈਨਲ ਉਸ ਦਾ ਆਖਰੀ ਮੈਚ ਹੋਵੇਗਾ ਪਰ ਸਾਨੀਆ ਆਸਟ੍ਰੇਲੀਅਨ ਓਪਨ ਤੋਂ ਤੁਰੰਤ ਬਾਅਦ ਸੰਨਿਆਸ ਨਹੀਂ ਲਵੇਗੀ। ਸਾਨੀਆ ਯੂਏਈ ਵਿੱਚ ਦੋ ਹੋਰ ਟੂਰਨਾਮੈਂਟ ਖੇਡੇਗੀ। ਸਾਨੀਆ ਸਭ ਤੋਂ ਪਹਿਲਾਂ ਅਬੂ ਧਾਬੀ ਵਿੱਚ ਬੇਥਾਨੀ ਮਾਟੇਕ ਨਾਲ ਖੇਡੇਗੀ। ਇਸ ਤੋਂ ਬਾਅਦ ਫਰਵਰੀ 'ਚ ਉਹ ਮੈਡੀਸਨ ਕੀਜ਼ ਨਾਲ ਦੁਬਈ 'ਚ WTA 1000 ਟੂਰਨਾਮੈਂਟ 'ਚ ਹਿੱਸਾ ਲਵੇਗੀ। ਇਸ ਤੋਂ ਬਾਅਦ ਉਹ ਟੈਨਿਸ ਤੋਂ ਸੰਨਿਆਸ ਲੈ ਲਵੇਗੀ।