ਸਿੰਮੀ ਚਾਹਲ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਸ ਨੇ ਆਪਣੇ ਹੁਣ ਤੱਕ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਅਦਾਕਾਰਾ ਨੂੰ ਉਸ ਦੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ। ਉਹ ਕਿਸੇ ਵੀ ਮੁੱਦੇ 'ਤੇ ਖੁੱਲ੍ਹ ਕੇ ਰਾਏ ਦੇਣ ਤੋਂ ਕਦੇ ਪਿੱਛੇ ਨਹੀਂ ਹਟਦੀ। ਇੱਕ ਪਾਸੇ ਜਿੱਥੇ ਦੂਜੇ ਪੰਜਾਬੀ ਕਲਾਕਾਰ ਇਹ ਪਰਵਾਹ ਵੀ ਨਹੀਂ ਕਰਦੇ ਕਿ ਦੁਨੀਆ 'ਚ ਕੀ ਚੱਲ ਰਿਹਾ ਹੈ। ਦੂਜੇ ਪਾਸੇ ਸਿੰਮੀ ਚਾਹਲ ਉਨ੍ਹਾਂ ਗਿਣਤੀ ਦੇ ਕਲਾਕਾਰਾਂ ਵਿੱਚੋਂ ਇੱਕ ਹੈ, ਜੋ ਦੇਸ਼ ਦੇ ਲਗਭਗ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਦੇ ਹਨ। ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੀਆਂ ਪਹਿਲਵਾਨਾਂ ਨਾਲ ਜੋ ਕੁੱਝ ਵੀ ਹੋਇਆ ਹੈ, ਪੂਰਾ ਦੇਸ਼ ਉਸ ਤੋਂ ਜਾਣੂ ਹੈ। ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਵੀਂ ਸੰਸਦ ਦਾ ਉਦਘਾਟਨ ਕਰ ਰਹੇ ਸੀ, ਤਾਂ ਦੂਜੇ ਪਾਸੇ ਦਿੱਲੀ ਪੁਲਿਸ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਸੀ। ਇੱਕ ਵਾਰ ਫਿਰ ਤੋਂ ਸਿੰਮੀ ਚਾਹਲ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸਿੰਮੀ ਚਾਹਲ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਅੱਜ ਦੀ ਕਾਲੀ ਸੱਚਾਈ ਨੂੰ ਬਿਆਨ ਕਰਦੀ ਨਜ਼ਰ ਆ ਰਹੀ ਹੈ। ਤਸਵੀਰ ਮੁਤਾਬਕ ਪੂਰਾ ਮੀਡੀਆ ਨਵੀਂ ਸੰਸਦ ਦੀ ਕਵਰੇਜ ਕਰਨ 'ਚ ਬਿਜ਼ੀ ਹੈ। ਉੱਥੇ ਹੀ ਦੂਜੇ ਪਾਸੇ, ਜੰਤਰ ਮੰਤਰ 'ਤੇ ਧਰਨਾ ਦੇ ਰਹੀਆਂ ਪਹਿਲਵਾਨਾਂ ਨੂੰ ਦਿੱਲੀ ਪੁਲਿਸ ਬੁਰੀ ਤਰ੍ਹਾਂ ਖਦੇੜ ਰਹੀ ਹੈ।