Punjabi singer-actor Gurnam Bhullar turns Director: ਪੰਜਾਬੀ ਗਾਇਕ ਗੁਰਨਾਮ ਭੁੱਲਰ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਹੀ ਨਹੀਂ ਭੁੱਲਰ ਨੇ ਆਪਣੀ ਉਮਦਾ ਅਦਾਕਾਰੀ ਨਾਲ ਵੀ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਵੱਖਰੀ ਛਾਪ ਛੱਡੀ ਹੈ। ਉਸ ਦੀਆਂ ਫਿਲਮਾਂ ਸੁਪਰਹਿੱਟ ਸਾਬਤ ਹੋਈਆਂ ਹਨ। ਗਾਇਕੀ ਅਤੇ ਅਦਾਕਾਰੀ ਤੋਂ ਬਾਅਦ ਹੁਣ ਪੰਜਾਬੀ ਗਾਇਕ ਨਿਰਦੇਸ਼ਕ ਦੇ ਤੌਰ ਤੇ ਜਲਦ ਹੀ ਧਮਾਕਾ ਕਰਨ ਜਾ ਰਿਹਾ ਹੈ। ਦਰਅਸਲ, ਪੰਜਾਬੀ ਗਾਇਕ ਗੁਰਨਾਮ ਭੁੱਲਰ ਵੱਲੋਂ ਇਸਦਾ ਐਲਾਨ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਕੀਤਾ ਗਿਆ ਹੈ। ਉਨ੍ਹਾਂ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਇਸ ਵਾਰ ਨਿਰਦੇਸ਼ਕ ਵਜੋਂ #ComingSoon @diamondstarworldwide ਨਾਲ ਜੁੜੇ ਰਹੋ... ਕਲਾਕਾਰ ਵੱਲੋਂ ਸਾਂਝੀ ਕੀਤੀ ਪੋਸਟ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਵਧਾਈ ਦੇ ਰਹੇ ਹਨ। ਵਰਕਫਰੰਟ ਦੀ ਗੱਲ ਕਰਿਏ ਤਾਂ ਗੁਰਨਾਮ ਭੁੱਲਰ ਨੇ ਆਪਣੀਆਂ ਬੈਕ-ਟੂ-ਬੈਕ ਤਿੰਨ ਨਵੀਆਂ ਫਿਲਮਾਂ ਦਾ ਐਲਾਨ ਕੀਤਾ ਹੈ। ਉਹ ਫਿਲਮ 'ਖਿਡਾਰੀ' 'ਚ ਨਜ਼ਰ ਆਉਣਗੇ। ਇਹ ਫਿਲਮ 9 ਫਰਵਰੀ 2024 ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੀ ਦੂਜੀ ਫਿਲਮ ਪਰਿੰਦਾ 3 ਨਵੰਬਰ 2023 ਨੂੰ ਰਿਲੀਜ਼ ਹੋਵੇਗੀ। ਤੀਜ਼ੀ ਫਿਲਮ ਰੋਜ਼ ਰੋਜ਼ੀ ਤੇ ਗੁਲਾਬ 24 ਮਈ ਸਾਲ 2024 ਨੂੰ ਰਿਲੀਜ਼ ਕੀਤੀ ਜਾਵੇਗੀ। ਕਲਾਕਾਰ ਦੀਆਂ ਇਨ੍ਹਾਂ ਫਿਲਮਾਂ ਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਫਿਲਹਾਲ ਕਲਾਕਾਰ ਅਦਾਕਾਰੀ ਅਤੇ ਗਾਇਕੀ ਤੋਂ ਬਾਅਦ ਨਿਰਦੇਸ਼ਕ ਦੇ ਤੌਰ ਤੇ ਕੀ ਕਮਾਲ ਦਿਖਾਉਂਦਾ ਹੈ। ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।