ਪੰਜਾਬੀ ਅਭਿਨੇਤਰੀ ਸੋਨਮ ਬਾਜਵਾ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਬੀਤੇ ਦਿਨੀਂ ਸੋਨਮ ਦਾ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ, ਜਿਸ ਵਿੱਚ ਸੋਨਮ ਮੀਡੀਆ ਨੂੰ ਅਵੋਇਡ ਕਰਦੀ ਨਜ਼ਰ ਆਈ ਸੀ। ਇਹੀ ਨਹੀਂ ਉਸ ਨੇ ਪੱਤਰਕਾਰਾਂ ਨੂੰ ਬੇਨਤੀ ਤੱਕ ਕੀਤੀ ਸੀ ਕਿ ਉਹ ਉਸ ਦੀ ਵੀਡੀਓ ਨਾ ਬਣਾਉਣ। ਇਸ ਤੋਂ ਬਾਅਦ ਸਭ ਸੋਚਾਂ ਵਿੱਚ ਪੈ ਗਏ ਸੀ ਕਿ ਆਖਰ ਅਦਾਕਾਰਾ ਆਪਣੀ ਨਵੀਂ ਲੁੱਕ ਨੂੰ ਕਿਉਂ ਲੁਕਾ ਰਹੀ ਹੈ। ਪਰ ਹੁਣ ਇਸ ਦਾ ਖੁਲਾਸਾ ਹੋ ਗਿਆ ਹੈ। ਸੋਨਮ ਬਾਜਵਾ ਦਾ ਇਹ ਨਵਾਂ ਲੁੱਕ ਉਸ ਦੀ ਅਗਲੀ ਫਿਲਮ ਦੇ ਲਈ ਹੈ। ਸੋਨਮ ਬਾਜਵਾ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦੇ ਨਾਮ ਤੋਂ ਹੀ ਤੁਹਾਨੂੰ ਸੋਨਮ ਦੇ ਕਿਰਦਾਰ ਦਾ ਅੰਦਾਜ਼ਾ ਹੋ ਜਾਵੇਗਾ। ਫਿਲਮ ਦਾ ਨਾਮ ਹੈ 'ਕੁੜੀ ਹਰਿਆਣੇ ਵੱਲ ਦੀ'। ਇਸ ਫਿਲਮ 'ਚ ਸੋਨਮ ਨੇ ਪੂਰੀ ਤਰ੍ਹਾਂ ਖੁਦ ਨੂੰ ਹਰਿਆਣਵੀ ਰੰਗ 'ਚ ਢਾਲ ਲਿਆ ਹੈ। ਉਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸ਼ੇਅਰ ਕਰ ਫਿਲਮ ਦੇ ਸ਼ੂਟਿੰਗ ਸੈੱਟ ਤੋਂ ਆਪਣੀ ਨਵੀਂ ਲੁੱਕ ਸਾਂਝੀ ਕੀਤੀ ਹੈ। ਇਸ ਫਿਲਮ 'ਚ ਸੋਨਮ ਬਾਜਵਾ ਦੇ ਨਾਲ ਐਮੀ ਵਿਰਕ ਵੀ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਫਿਲਮ ਨੂੰ ਹਰਿਆਣੇ ਵਿੱਚ ਹੀ ਸ਼ੂਟ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਹ ਫਿਲਮ ਅਗਲੇ ਸਾਲ ਯਾਨਿ 6 ਸਤੰਬਰ 2024 ਨੂੰ ਰਿਲੀਜ਼ ਹੋਵੇਗੀ। ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਦੇ ਲਈ ਸਾਲ 2023 ਕਾਫੀ ਵਧੀਆ ਰਿਹਾ ਹੈ। ਸੋਨਮ ਦੀਆਂ 2 ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' 2023 'ਚ ਰਿਲੀਜ਼ ਹੋਈਆਂ ਸੀ ਤੇ ਦੋਵੇਂ ਹੀ ਫਿਲਮਾਂ ਨੇ ਬਾਕਸ ਆਫਿਸ 'ਤੇ ਰਿਕਾਰਡਤੋੜ ਕਮਾਈ ਕੀਤੀ ਹੈ। ਇਸ ਤੋਂ ਇਲਾਵਾ ਸੋਨਮ ਦੀਆਂ 'ਰੰਨਾਂ 'ਚ ਧੰਨਾਂ' ਤੇ 'ਕੁੜੀ ਹਰਿਆਣੇ ਵੱਲ ਦੀ' ਵਰਗੀਆਂ ਫਿਲਮਾਂ ਪਾਈਪਲਾਈਨ ਵਿੱਚ ਹਨ।