ਇਸ ਸਮੇਂ ਉੱਤਰ ਭਾਰਤ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਅਜਿਹੇ ਦੇ ਵਿੱਚ ਲੋਕ ਗਰਮੀ ਤੋਂ ਰਾਹਤ ਪਾਉਣ ਦੇ ਲਈ ਏਸੀ ਦੀ ਵਰਤੋਂ ਕਰ ਰਹੇ ਹਨ।

ਪਰ AC ਨੂੰ ਚਲਾਉਣ ਸਮੇਂ ਕੀਤੀਆਂ ਕੁਝ ਗਲਤੀਆਂ ਕਰਕੇ ਇਸ ਦੇ ਫੱਟਣ ਦੀ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ।

ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ AC ਦੀ ਸਹੀ ਤੇ ਸੁਰੱਖਿਅਤ ਵਰਤੋਂ ਕਰੀਏ ਤਾਂ ਜੋ ਗਰਮੀ ਤੋਂ ਰਾਹਤ ਮਿਲੇ ਤੇ ਜੇਬ 'ਤੇ ਬੋਝ ਵੀ ਜ਼ਿਆਦਾ ਨਾ ਪਵੇ।

AC ਵੀ ਇੱਕ ਮਸ਼ੀਨ ਹੈ ਤੇ ਇਸ ਦੀ ਸਹੀ ਦੇਖਭਾਲ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਇਸ ਦੀ ਸਮੇਂ ਸਿਰ ਸਰਵਿਸ ਨਹੀਂ ਕਰਵਾਉਂਦੇ, ਤਾਂ ਇਸ ਦੇ ਫਿਲਟਰ ਤੇ ਕੋਇਲਾਂ ਵਿੱਚ ਗੰਦਗੀ ਜਮ੍ਹਾ ਹੋ ਜਾਂਦੀ ਹੈ, ਜਿਸ ਨਾਲ ਓਵਰਹੀਟਿੰਗ ਤੇ ਸ਼ਾਰਟ ਸਰਕਟ ਦਾ ਖ਼ਤਰਾ ਵਧ ਜਾਂਦਾ ਹੈ।

ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ AC ਦੀ ਸਰਵਿਸ ਕਰਵਾਓ। AC ਨੂੰ ਫਰਿੱਜ ਜਾਂ ਮਾਈਕ੍ਰੋਵੇਵ ਵਾਲੇ ਇੱਕੋ ਐਕਸਟੈਂਸ਼ਨ ਬੋਰਡ 'ਤੇ ਨਾ ਲਾਓ। AC ਲਈ ਇੱਕ ਵੱਖਰਾ ਪਾਵਰ ਸਾਕਟ ਤੇ ਅਰਥਿੰਗ ਜ਼ਰੂਰੀ ਹੈ।

ਏਸੀ ਨੂੰ 18 ਡਿਗਰੀ 'ਤੇ ਚਲਾਉਣ ਨਾਲ ਤੁਹਾਡਾ ਕਮਰਾ ਜਲਦੀ ਠੰਢਾ ਨਹੀਂ ਹੋਵੇਗਾ, ਸਗੋਂ ਏਸੀ 'ਤੇ ਜ਼ਿਆਦਾ ਭਾਰ ਪਵੇਗਾ ਤੇ ਬਿਜਲੀ ਦਾ ਬਿੱਲ ਵੀ ਵਧੇਗਾ।

ਬਿਊਰੋ ਆਫ਼ ਐਨਰਜੀ ਐਫੀਸ਼ੀਐਂਸੀ ਅਨੁਸਾਰ 24 ਡਿਗਰੀ ਸੈਲਸੀਅਸ ਸਭ ਤੋਂ ਢੁਕਵਾਂ ਤਾਪਮਾਨ ਹੈ। ਹਰ 1 ਡਿਗਰੀ ਦੀ ਕਮੀ ਬਿਜਲੀ ਦੀ ਖਪਤ ਨੂੰ 6% ਵਧਾਉਂਦੀ ਹੈ।

ਏਸੀ ਨਾਲ ਪੱਖਾ ਚਲਾਉਣਾ ਬੇਕਾਰ ਨਹੀਂ ਸਗੋਂ ਸਮਝਦਾਰੀ ਹੈ। ਪੱਖਾ ਕਮਰੇ ਵਿੱਚ ਠੰਢੀ ਹਵਾ ਨੂੰ ਬਰਾਬਰ ਫੈਲਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਏਸੀ ਨੂੰ ਘੱਟ ਕੰਮ ਕਰਨਾ ਪੈਂਦਾ ਹੈ ਤੇ ਘੱਟ ਸਮੇਂ ਵਿੱਚ ਠੰਢਕ ਪੂਰੇ ਕਮਰੇ ਵਿੱਚ ਫੈਲ ਜਾਂਦੀ ਹੈ।

ਜੇਕਰ ਤੁਸੀਂ 10-15 ਸਾਲ ਪੁਰਾਣਾ ਏਸੀ ਵਰਤ ਰਹੇ ਹੋ ਤਾਂ ਇਹ ਬਹੁਤ ਜ਼ਿਆਦਾ ਬਿਜਲੀ ਦੀ ਖਪਤ ਕਰੇਗਾ। 5-ਸਟਾਰ ਰੇਟਿੰਗ ਵਾਲੇ ਨਵੇਂ ਏਸੀ ਪੁਰਾਣੇ ਏਸੀ ਨਾਲੋਂ 50% ਘੱਟ ਬਿਜਲੀ ਦੀ ਖਪਤ ਕਰਦੇ ਹਨ।