ਦੁਨੀਆ ਦੀਆਂ ਕਈ ਸੜਕਾਂ ਕਿਸੇ ਨਾ ਕਿਸੇ ਕਾਰਨ ਖਾਸ ਹੁੰਦੀਆਂ ਹਨ। ਕੁਝ ਦੁਨੀਆ ਦੀ ਸਭ ਤੋਂ ਲੰਬੀ ਸੜਕ, ਕੁਝ ਸਭ ਤੋਂ ਛੋਟੀ ਜਾਂ ਕੁਝ ਚੌੜੀਆਂ ਹਨ ਪਰ, ਕੀ ਤੁਸੀਂ ਕਦੇ ਮਨੁੱਖੀ ਹੱਡੀਆਂ ਨਾਲ ਬਣੀ ਸੜਕ ਬਾਰੇ ਸੁਣਿਆ ਹੈ?

ਉਪਰੋਕਤ ਪੜ੍ਹ ਕੇ ਤੁਸੀਂ ਹੈਰਾਨ ਹੋ ਸਕਦੇ ਹੋ, ਪਰ ਇਹ ਬਿਲਕੁਲ ਸੱਚ ਹੈ। ਜਿੱਥੇ ਸੜਕ ਬਣਾਉਣ ਲਈ ਇੱਟਾਂ, ਕੰਕਰ, ਪੱਥਰ ਆਦਿ ਦੀ ਵਰਤੋਂ ਆਮ ਤੌਰ 'ਤੇ ਕੀਤੀ ਜਾਂਦੀ ਹੈ, ਉੱਥੇ ਹੀ ਇਸ ਸੜਕ 'ਚ ਹੋਰ ਚੀਜ਼ਾਂ ਦੇ ਨਾਲ-ਨਾਲ ਮਨੁੱਖੀ ਹੱਡੀਆਂ ਦੀ ਵੀ ਵਰਤੋਂ ਕੀਤੀ ਗਈ ਹੈ | ਇਸ ਕਾਰਨ ਇਸ ਸੜਕ ਨੂੰ ਹੱਡੀਆਂ ਦੀ ਸੜਕ ਵਜੋਂ ਜਾਣਿਆ ਜਾਂਦਾ ਹੈ।

ਰੂਸ ਦੇ ਦੂਰ ਪੂਰਬੀ ਖੇਤਰ ਵਿੱਚ ਸਥਿਤ ਇਹ ਸੜਕ ਅਸਲ ਵਿੱਚ ਇੱਕ ਹਾਈਵੇਅ ਹੈ। ਇਸ ਹਾਈਵੇਅ ਦਾ ਅਸਲੀ ਨਾਮ ਕੋਲੀਮਾ ਹਾਈਵੇਅ ਹੈ। ਇਹ 2,025 ਕਿਲੋਮੀਟਰ ਲੰਬਾ ਹੈ। ਇਸ ਹਾਈਵੇਅ 'ਤੇ ਅਕਸਰ ਮਨੁੱਖੀ ਹੱਡੀਆਂ ਅਤੇ ਪਿੰਜਰ ਪਾਏ ਜਾਂਦੇ ਹਨ।

ਰੋਡ ਆਫ ਬੋਨਸ ਦੇ ਨਾਂ ਨਾਲ ਜਾਣੇ ਜਾਂਦੇ ਇਸ ਹਾਈਵੇਅ ਦੀ ਕਹਾਣੀ ਕੁਝ ਵੱਖਰੀ ਹੈ। ਸਰਦੀਆਂ ਦੇ ਮੌਸਮ ਵਿੱਚ ਇਸ ਖੇਤਰ ਵਿੱਚ ਭਾਰੀ ਬਰਫ਼ਬਾਰੀ ਹੁੰਦੀ ਹੈ, ਜਿਸ ਨਾਲ ਸੜਕਾਂ ਵੀ ਢੱਕ ਜਾਂਦੀਆਂ ਹਨ। ਦੱਸਿਆ ਜਾਂਦਾ ਹੈ ਕਿ ਬਰਫਬਾਰੀ ਕਾਰਨ ਵਾਹਨਾਂ ਦੇ ਤਿਲਕਣ ਦਾ ਡਰ ਬਣਿਆ ਹੋਇਆ ਸੀ, ਜਿਸ ਕਾਰਨ ਸੜਕ ਦੇ ਨਿਰਮਾਣ ਵਿਚ ਮਨੁੱਖੀ ਹੱਡੀਆਂ ਵੀ ਰੇਤ ਵਿੱਚ ਮਿਲ ਗਈਆਂ ਸਨ।

ਇਹ ਹਾਈਵੇ ਸੋਵੀਅਤ ਸੰਘ ਦੇ ਤਾਨਾਸ਼ਾਹ ਜੋਸੇਫ ਸਟਾਲਿਨ ਦੇ ਸਮੇਂ ਵਿੱਚ ਬਣਾਇਆ ਗਿਆ ਸੀ। ਕੋਲੀਮਾ ਹਾਈਵੇਅ ਬਣਾਉਣ ਵਿੱਚ ਢਾਈ ਲੱਖ ਲੋਕਾਂ ਦੀ ਜਾਨ ਚਲੀ ਗਈ। ਇਸ ਹਾਈਵੇਅ ਦਾ ਨਿਰਮਾਣ 1930 ਦੇ ਦਹਾਕੇ ਵਿੱਚ ਸ਼ੁਰੂ ਹੋਇਆ ਸੀ, ਜਿਸ ਵਿੱਚ ਬੰਧੂਆ ਮਜ਼ਦੂਰਾਂ ਅਤੇ ਕੈਦੀਆਂ ਨੂੰ ਰੁਜ਼ਗਾਰ ਦਿੱਤਾ ਜਾਂਦਾ ਸੀ। ਇਨ੍ਹਾਂ ਮਜ਼ਦੂਰਾਂ ਨੂੰ ਕੋਲੀਮਾ ਕੈਂਪ ਵਿੱਚ ਕੈਦੀਆਂ ਵਜੋਂ ਰੱਖਿਆ ਗਿਆ ਸੀ।

ਕੋਲਿਮਾ ਕੈਂਪ ਵਿੱਚ ਗਏ ਕੈਦੀ ਲਈ ਉੱਥੋਂ ਵਾਪਸ ਆਉਣਾ ਅਸੰਭਵ ਸੀ। ਜੇ ਕੋਈ ਇੱਥੋਂ ਭੱਜਣ ਦੀ ਕੋਸ਼ਿਸ਼ ਵੀ ਕਰਦਾ ਤਾਂ ਉਹ ਜ਼ਿਆਦਾ ਦੇਰ ਤੱਕ ਜੀਉਂਦਾ ਨਹੀਂ ਰਹਿ ਸਕਦਾ ਸੀ ਕਿਉਂਕਿ ਜਾਂ ਤਾਂ ਉਹ ਰਿੱਛਾਂ ਦਾ ਸ਼ਿਕਾਰ ਹੋ ਜਾਂਦਾ ਸੀ ਜਾਂ ਫਿਰ ਅੱਤ ਦੀ ਠੰਢ ਅਤੇ ਭੁੱਖ ਨਾਲ ਮਰ ਜਾਂਦਾ ਸੀ। ਮਰਨ ਵਾਲੇ ਕੈਦੀਆਂ ਨੂੰ ਸੜਕ ਦੇ ਅੰਦਰ ਹੀ ਦੱਬ ਦਿੱਤਾ ਗਿਆ।