ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਪੱਖੀ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਜਾਂਚ ਏਜੰਸੀਆਂ ਦਾ ਹੱਥ ਹੋਣ ਦਾ ਦਾਅਵਾ ਕਰਨ ਤੋਂ ਬਾਅਦ ਭਾਰਤ ਤੇ ਕੈਨੇਡਾ ਵਿੱਚ ਤਣਾਅ ਵੱਧ ਗਿਆ ਹੈ।



ਇਸ ਮੁੱਦੇ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਚਰਚਾ ਛਿੜ ਗਈ ਹੈ। ਅਜਿਹੇ ਵਿੱਚ ਸੋਸ਼ਲ ਮੀਡੀਆ ਉਪਰ ਲਗਾਤਾਰ ਸਰਚ ਹੋ ਰਿਹਾ ਹੈ ਕਿ ਆਖਰ ਹਰਦੀਪ ਸਿੰਘ ਨਿੱਝਰ ਕੌਣ ਸੀ।



ਦਰਅਸਲ ਹਰਦੀਪ ਨਿੱਝਰ ਦੀ ਕੈਨੇਡਾ ਦੇ ਸਰੀ ਵਿੱਚ ਜੂਨ ’ਚ ਹੱਤਿਆ ਕਰ ਦਿੱਤੀ ਗਈ ਸੀ।



ਪਾਬੰਦੀਸ਼ੁਦਾ ਜਥੇਬੰਦੀ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਰਿਹਾ ਨਿੱਝਰ ਭਾਰਤ ਵਿੱਚ ‘ਮੋਸਟ ਵਾਂਟੇਡ’ ਅਤਿਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਹੈ।



ਉਸ ’ਤੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਸੰਨ 2016 ਵਿਚ ਨਿੱਝਰ ਵਿਰੁੱਧ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਵੀ ਨਿਕਲਿਆ ਸੀ।



ਹਾਸਲ ਜਾਣਕਾਰੀ ਮੁਤਾਬਕ ਸਰੀ ਦੀ ਪੁਲਿਸ ਨੇ 2018 ਵਿੱਚ ਨਿੱਝਰ ਨੂੰ ਅਤਿਵਾਦ ’ਚ ਸ਼ਮੂਲੀਅਤ ਦੇ ਸ਼ੱਕ ਵਿੱਚ ਆਰਜ਼ੀ ਤੌਰ ’ਤੇ ਘਰ ਵਿੱਚ ਨਜ਼ਰਬੰਦ ਕੀਤਾ ਸੀ ਪਰ ਮਗਰੋਂ ਰਿਹਾਅ ਕਰ ਦਿੱਤਾ ਗਿਆ ਸੀ।



ਹਰਦੀਪ ਨਿੱਝਰ ਦਾ ਪਿਛੋਕੜ ਜਲੰਧਰ ਜ਼ਿਲ੍ਹੇ ਦੇ ਪਿੰਡ ਭਾਰਸਿੰਘਪੁਰਾ ਦਾ ਹੈ। ਇਹ ਪਿੰਡ ਕਸਬਾ ਫਿਲੌਰ ਨੇੜੇ ਸਥਿਤ ਹੈ। ਇਸ ਪਿੰਡ ਦੀ ਆਬਾਦੀ ਲਗਪਗ ਦੋ ਹਜ਼ਾਰ ਹੈ ਤੇ ਪਿੰਡ ਦੇ 80 ਫੀਸਦੀ ਲੋਕਾਂ ਦਾ ਤਖੱਲੁਸ ਨਿੱਝਰ ਹੈ।



ਪਿੰਡ ਵਾਲਿਆਂ ਮੁਤਾਬਕ ਹਰਦੀਪ ਨਿੱਜਰ ਉਦੋਂ 15 ਸਾਲਾਂ ਦਾ ਸੀ ਜਦੋਂ ਉਹ ਆਪਣੇ ਪਿਤਾ ਪਿਆਰਾ ਸਿੰਘ ਤੇ ਛੋਟੇ ਭਰਾ ਨਾਲ ਪਿੰਡ ਛੱਡ ਕੇ ਚਲਾ ਗਿਆ ਸੀ।



ਹਰਦੀਪ ਪਿੰਡ ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ ਜਦੋਂ ਉਹ ਪਿੰਡ ਛੱਡ ਕੇ ਚਲਾ ਗਿਆ। ਉਹ ਮੁੜ ਕੇ ਕਦੇ ਵੀ ਪਿੰਡ ਨਹੀਂ ਆਇਆ।



ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਵਿੱਚ 18 ਜੂਨ ਨੂੰ ਇੱਕ ਗੁਰਦੁਆਰੇ ਦੇ ਬਾਹਰ ਦੋ ਅਣਪਛਾਤੇ ਹਮਲਾਵਰਾਂ ਨੇ ਨਿੱਝਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।