ਬਾਲੀਵੁੱਡ ਦੇ ਹੀਮੈਨ ਧਰਮਿੰਦਰ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। ਧਰਮਿੰਦਰ 88 ਦੀ ਉਮਰ 'ਚ ਵੀ ਬਾਲੀਵੁੱਡ 'ਚ ਪੂਰੀ ਤਰ੍ਹਾਂ ਐਕਟਿਵ ਹਨ । ਹੀਮੈਨ ਨੂੰ ਹਾਲ ਹੀ 'ਚ ਫਿਲਮ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' 'ਚ ਦੇਖਿਆ ਗਿਆ। ਇਸ ਦੇ ਨਾਲ ਨਾਲ ਧਰਮ ਪਾਜੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਹਨ। ਇਸ ਦਰਮਿਆਨ ਧਰਮਿੰਦਰ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ, ਧਰਮਿੰਦਰ ਨੇ ਆਪਣਾ ਨਾਮ ਬਦਲ ਲਿਆ ਹੈ। ਧਰਮਿੰਦਰ ਦੇ ਸਾਰੇ ਫੈਨਜ਼ ਉਨ੍ਹਾਂ ਦੇ ਨਾਂਅ ਬਦਲਣ ਦੇ ਫੈਸਲੇ ਤੋਂ ਕਾਫੀ ਹੈਰਾਨ ਸਨ। 1960 ਤੋਂ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਅਸੀਂ ਉਨ੍ਹਾਂ ਨੂੰ ਹਮੇਸ਼ਾ ਧਰਮਿੰਦਰ ਦੇ ਨਾਂਅ ਨਾਲ ਜਾਣਦੇ ਹਾਂ। ਹਾਲਾਂਕਿ, 'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ' ਵਿੱਚ, ਪ੍ਰਸ਼ੰਸਕਾਂ ਨੇ ਸ਼ੁਰੂਆਤੀ ਕ੍ਰੈਡਿਟ ਵਿੱਚ ਦੇਖਿਆ ਕਿ ਉਨ੍ਹਾਂ ਦਾ ਨਾਂਅ ਧਰਮਿੰਦਰ ਸਿੰਘ ਦਿਓਲ ਲਿਖਿਆ ਗਿਆ ਹੈ। ਜੋ ਲੋਕ ਨਹੀਂ ਜਾਣਦੇ, ਅਸੀਂ ਤੁਹਾਨੂੰ ਦੱਸ ਦੇਈਏ ਕਿ ਧਰਮਿੰਦਰ ਦਾ ਜਨਮ ਅਸਲ ਵਿੱਚ ਧਰਮ ਸਿੰਘ ਦਿਓਲ ਦੇ ਰੂਪ ਵਿੱਚ ਹੋਇਆ ਸੀ। ਪਰ ਬਾਲੀਵੁੱਡ 'ਚ ਐਂਟਰੀ ਤੋਂ ਪਹਿਲਾਂ ਉਨ੍ਹਾਂ ਨੇ ਸਿੰਘ ਤੇ ਦਿਓਲ ਹਟਾ ਕੇ ਆਪਣਾ ਨਾਮ ਸਿਰਫ ਧਰਮਿੰਦਰ ਕਰ ਲਿਆ ਸੀ। ਪਰ ਹੁਣ ਧਰਮਿੰਦਰ ਨੇ ਫਿਰ ਤੋਂ ਆਪਣਾ ਜਨਮ ਵਾਲਾ ਨਾਮ ਵਾਪਸ ਰੱਖ ਲਿਆ ਹੈ।