ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਨੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਜਿਸ ਨਾਲ ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰਨ ਦਾ ਸੁਫਨਾ ਸਾਕਾਰ ਕਰਨਾ ਥੋੜ੍ਹਾ ਔਖਾ ਹੋ ਗਿਆ ਹੈ।



ਆਸਟ੍ਰੇਲੀਆ ਨੇ 1 ਜੁਲਾਈ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਫੀਸ 710 ਆਸਟ੍ਰੇਲੀਅਨ ਡਾਲਰ ਤੋਂ ਵਧਾ ਕੇ 1600 ਆਸਟ੍ਰੇਲੀਅਨ ਡਾਲਰ ਕਰ ਦਿੱਤੀ ਹੈ।



ਆਸਟ੍ਰੇਲੀਆ ਸਰਕਾਰ ਦੇ ਇਸ ਫੈਸਲੇ ਨਾਲ ਭਾਰਤੀ ਵਿਦਿਆਰਥੀ ਵੱਡੀ ਗਿਣਤੀ ਵਿਚ ਪ੍ਰਭਾਵਿਤ ਹੋਣਗੇ।



ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਸ ਨੂੰ ਆਸਟ੍ਰੇਲੀਆ ਵੱਲੋਂ ਹਾਲ ਹੀ ਵਿਚ ਵਿਦਿਆਰਥੀਆਂ ਲਈ ਵਧਾਈ ਵੀਜ਼ਾ ਫੀਸ ਸਬੰਧੀ ਸਵਾਲ ਪੁੱਛਿਆ ਗਿਆ ਸੀ।



ਉਸ ਨੂੰ ਪੁੱਛਿਆ ਗਿਆ ਕਿ ਕੀ ਇਹ ਸੱਚ ਹੈ ਕਿ ਆਸਟ੍ਰੇਲੀਆ ਨੇ ਹਾਲ ਹੀ ਵਿੱਚ ਵਿਦਿਆਰਥੀ ਵੀਜ਼ਾ ਫੀਸਾਂ ਨੂੰ ਪਿਛਲੀ ਰਕਮ ਤੋਂ ਦੁੱਗਣਾ ਕਰ ਦਿੱਤਾ ਹੈ। ਮੰਤਰੀ ਨੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ।



ਮੰਤਰੀ ਨੂੰ ਇਹ ਵੀ ਪੁੱਛਿਆ ਗਿਆ ਕੀ ਭਾਰਤ ਸਰਕਾਰ ਨੇ ਵਿਦਿਆਰਥੀ ਵੀਜ਼ਾ ਫੀਸਾਂ ਘਟਾਉਣ ਲਈ ਆਸਟ੍ਰੇਲੀਆ ਤੱਕ ਪਹੁੰਚ ਕੀਤੀ ਹੈ



ਤਾਂ ਸਿੰਘ ਨੇ ਦੱਸਿਆ,ਆਸਟ੍ਰੇਲੀਅਨ ਸਰਕਾਰ ਨੇ 1 ਜੁਲਾਈ, 2024 ਤੋਂ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਫੀਸ 710 ਆਸਟ੍ਰੇਲੀਆਈ ਡਾਲਰ ਤੋਂ ਵਧਾ ਕੇ 1,600 ਆਸਟ੍ਰੇਲੀਆਈ ਡਾਲਰ ਕਰ ਦਿੱਤੀ ਹੈ।



ਵਿਦਿਆਰਥੀਆਂ ਨਾਲ ਸਬੰਧਤ ਹੋਰ ਮੁੱਦਿਆਂ ਦੇ ਨਾਲ ਇਹ ਮਾਮਲਾ ਆਸਟ੍ਰੇਲੀਆਈ ਸਰਕਾਰ ਦੇ ਸਬੰਧਤ ਅਧਿਕਾਰੀਆਂ ਕੋਲ ਉਠਾਇਆ ਗਿਆ ਹੈ।



ਮੰਤਰੀ ਨੇ ਅੱਗੇ ਕਿਹਾ ਕਿ ਵੀਜ਼ਾ ਫੀਸਾਂ ਵਿੱਚ ਵਾਧੇ ਨਾਲ ਆਸਟ੍ਰੇਲੀਆ ਵਿੱਚ ਆਪਣੀ ਪੜ੍ਹਾਈ ਜਾਰੀ ਰੱਖਣ ਦੇ ਚਾਹਵਾਨ ਭਾਰਤ ਦੇ ਵਿਦਿਆਰਥੀਆਂ ਸਮੇਤ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿੱਤੀ ਚੁਣੌਤੀਆਂ ਪੈਦਾ ਹੋਣ ਦੀ ਸੰਭਾਵਨਾ ਹੈ।

ਸਿੱਖਿਆ ਵਿੱਚ ਭਾਰਤ-ਆਸਟ੍ਰੇਲੀਆ ਭਾਈਵਾਲੀ ਦੁਵੱਲੇ ਸਬੰਧਾਂ ਦਾ ਇੱਕ ਅਹਿਮ ਹਿੱਸਾ ਹੈ, ਜਿਸ ਵਿੱਚ ਆਰਥਿਕ, ਵਿੱਦਿਅਕ ਅਤੇ ਲੋਕਾਂ ਨਾਲ ਸਬੰਧ ਸ਼ਾਮਲ ਹਨ।