ਕੈਨੇਡਾ ਨੇ ਸ਼ੁੱਕਰਵਾਰ ਯਾਨੀਕਿ 8 ਨਵੰਬਰ ਨੂੰ ਆਪਣੀ ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਵੀਜ਼ਾ ਸਕੀਮ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਕੈਨੇਡਾ ਨੇ ਆਪਣੇ ਫੈਸਲੇ ਪਿੱਛੇ ਕੈਨੇਡਾ ਦੇ ਵਧਦੇ ਰਿਹਾਇਸ਼ੀ ਸੰਕਟ ਅਤੇ ਸਰੋਤਾਂ ਦੀ ਕਮੀ ਨਾਲ ਨਜਿੱਠਣ ਦੀ ਸਮੱਸਿਆ ਦਾ ਹਵਾਲਾ ਦਿੱਤਾ ਹੈ। ਹਾਲਾਂਕਿ ਕੈਨੇਡਾ ਦੇ ਇਸ ਕਦਮ ਕਾਰਨ ਹੁਣ ਭਾਰਤੀ ਵਿਦਿਆਰਥੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਹੁਣ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦਾ ਵੀਜ਼ਾ ਲੈਣ ਲਈ ਲੰਬੀ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ। ਕੈਨੇਡਾ ਦੀ ਇਸ SDS ਵੀਜ਼ਾ ਸਕੀਮ ਤਹਿਤ ਭਾਰਤ, ਬ੍ਰਾਜ਼ੀਲ, ਚੀਨ, ਕੋਲੰਬੀਆ, ਕੋਸਟਾ ਰੀਕਾ, ਮੋਰੋਕੋ, ਪਾਕਿਸਤਾਨ, ਪੇਰੂ ਸਮੇਤ ਕੁੱਲ 14 ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਵੀਜ਼ਾ ਅਰਜ਼ੀ ਪ੍ਰਕਿਰਿਆ ਨੂੰ ਤੇਜ਼ ਅਤੇ ਸਰਲ ਬਣਾਇਆ ਗਿਆ ਹੈ। ਹੁਣ ਇਸ ਸਕੀਮ ਦੇ ਬੰਦ ਹੋਣ ਨਾਲ ਇਨ੍ਹਾਂ ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀਜ਼ਾ ਪ੍ਰਕਿਰਿਆ ਵਿੱਚ ਹੋਰ ਸਮਾਂ ਲੱਗੇਗਾ। Government of Canada ਨੇ ਆਪਣੀ ਵੈੱਬਸਾਈਟ 'ਤੇ ਪ੍ਰੋਗਰਾਮ ਦੀ ਸਮਾਪਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਫੈਸਲਾ ਪ੍ਰੋਗਰਾਮ ਨੂੰ ਮਜ਼ਬੂਤ ਕਰਨ, ਵਿਦਿਆਰਥੀਆਂ ਦੀ ਸੁਰੱਖਿਆ ਵਧਾਉਣ ਅਤੇ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਲਿਆ ਗਿਆ ਹੈ। SDS ਵੀਜ਼ਾ ਸਕੀਮ ਤਹਿਤ ਵੀਜ਼ਾ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਕਾਫ਼ੀ ਤੇਜ਼ ਅਤੇ ਸਰਲ ਸੀ। ਇਸ ਦੇ ਨਾਲ ਹੀ, ਇਸ ਸਕੀਮ ਦੇ ਖਤਮ ਹੋਣ ਤੋਂ ਬਾਅਦ, ਭਾਰਤੀ ਵਿਦਿਆਰਥੀਆਂ ਨੂੰ ਹੁਣ ਵੀਜ਼ਾ ਲਈ ਆਮ ਵੀਜ਼ਾ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇਗਾ, ਜੋ ਕਿ ਕਾਫੀ ਲੰਮੀ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਸਕੀਮ ਤਹਿਤ ਵੀਜ਼ਾ ਸਵੀਕ੍ਰਿਤੀ ਦਰ ਬਹੁਤ ਜ਼ਿਆਦਾ ਸੀ। ਹੁਣ ਵਿਦਿਆਰਥੀਆਂ ਨੂੰ ਵੀਜ਼ਾ ਲਈ ਹੋਰ ਦਸਤਾਵੇਜ਼ਾਂ ਦੀ ਲੋੜ ਪਵੇਗੀ। ਜਿਸ ਕਾਰਨ ਆਸਾਨੀ ਨਾਲ ਵੀਜ਼ਾ ਮਿਲਣ ਦੀ ਸੰਭਾਵਨਾ ਪ੍ਰਭਾਵਿਤ ਹੋ ਸਕਦੀ ਹੈ।