ਚਰਚ 'ਚ ਵਿਅਕਤੀ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, 26 ਹਲਾਕ,20 ਜ਼ਖ਼ਮੀ
ਚਰਚ ਤੋਂ 10 ਮੀਲ ਦੀ ਦੂਰੀ ਉੱਤੇ ਫਲੋਰਸਵਿੱਲੇ ਵਿੱਚ ਸਥਿਤ ਕੌਨੈਲੀ ਮੈਮੋਰੀਅਲ ਮੈਡੀਕਲ ਸੈਂਟਰ ਦੀ ਤਰਜ਼ਮਾਨ ਮੇਗਨ ਪੋਸੇ ਨੇ ਦੱਸਿਆ ਕਿ ਇੱਥੇ ਪਹੁੰਚੇ ਜ਼ਖ਼ਮੀਆਂ ਵਿੱਚੋਂ ਬਹੁਤਿਆਂ ਨੂੰ ਗੋਲੀਆਂ ਲੱਗੀਆਂ ਹਨ ਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉੱਥੇ ਪਹੁੰਚੇ ਜ਼ਖ਼ਮੀਆਂ ਦੀ ਗਿਣਤੀ ਦਰਜਨ ਤੋਂ ਵੀ ਘੱਟ ਹੈ।
ਟੈਕਸਸ : ਐਤਵਾਰ ਨੂੰ ਦੱਖਣੀ ਟੈਕਸਸ ਦੀ ਇੱਕ ਨਿੱਕੀ ਜਿਹੀ ਕਮਿਊਨਿਟੀ ਦੇ ਚਰਚ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ 26 ਵਿਅਕਤੀ ਮਾਰੇ ਗਏ ਤੇ 20 ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਗੋਲੀ ਮਾਰ ਲਈ ਜਾਂ ਉਸ ਨੂੰ ਮਾਰ ਮੁਕਾਇਆ ਗਿਆ ਇਸ ਬਾਰੇ ਅਜੇ ਸਪਸ਼ਟ ਨਹੀਂ ਹੋ ਸਕਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਇਸ ਦੌਰਾਨ ਜਪਾਨ ਤੋਂ ਟਵੀਟ ਕਰਕੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਖਿਆ ਕਿ ਇਸ ਗੋਲੀਕਾਂਡ ਤੋਂ ਬਾਅਦ ਉਹ ਸਥਿਤੀ ਉੱਤੇ ਨਜ਼ਰ ਰੱਖ ਰਹੇ ਹਨ। ਟੈਕਸਸ ਦੇ ਗਵਰਨਰ ਗ੍ਰੈੱਗ ਅਬੌਟ ਨੇ ਇਸ ਗੋਲੀਕਾਂਡ ਨੂੰ ਮੰਦਭਾਗਾ ਦੱਸਿਆ ਤੇ ਜਲਦ ਹੀ ਸਟੇਟ ਦੇ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਤੋਂ ਹੋਰ ਆਂਕੜੇ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ।
ਫਲੋਰਸਵਿੱਲੇ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਦੱਸਿਆ ਕਿ ਇਸ ਨਿੱਕੀ ਜਿਹੀ ਕਮਿਊਨਿਟੀ ਵਿੱਚ ਹਰ ਕੋਈ ਹਰ ਕਿਸੇ ਨੂੰ ਜਾਣਦਾ ਹੈ।
ਉਨ੍ਹਾਂ ਦੱਸਿਆ ਕਿ ਉਹ ਆਪਣੇ ਪਤੀ ਪਾਦਰੀ ਫਰੈਂਕ ਪੌਮਰੌਏ ਨਾਲ ਜਲਦ ਘਰ ਪਹੁੰਚਣ ਦੀ ਕੋਸਿ਼ਸ਼ ਕਰ ਰਹੀ ਹੈ। ਇਸ ਹਮਲੇ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਕੁੱਝ ਜ਼ਖ਼ਮੀਆਂ ਨੂੰ ਮੈਡੀਕਲ ਹੈਲੀਕਾਪਟਰ ਰਾਹੀਂ ਬਰੁੱਕ ਆਰਮੀ ਮੈਡੀਕਲ ਸੈਂਟਰ ਲਿਜਾਇਆ ਗਿਆ।
ਮਾਰੇ ਗਏ ਵਿਅਕਤੀਆਂ ਵਿੱਚ ਚਰਚ ਦੇ ਪਾਦਰੀ ਦੀ 14 ਸਾਲਾ ਧੀ ਵੀ ਸ਼ਾਮਲ ਹੈ। ਸ਼ੈਰੀ ਪੌਮਰੌਏ ਨੇ ਦੱਸਿਆ ਕਿ ਉਹ ਆਪ ਤੇ ਉਸ ਦਾ ਪਤੀ ਉਸ ਸਮੇਂ ਟਾਊਨ ਤੋਂ ਬਾਹਰ ਸਨ ਜਦੋਂ ਇਹ ਹਮਲਾ ਹੋਇਆ ਪਰ ਇਸ ਹਮਲੇ ਵਿੱਚ ਉਨ੍ਹਾਂ ਦੀ ਧੀ ਤੇ ਕਈ ਹੋਰਨਾਂ ਦੋਸਤਾਂ ਦੀ ਜਾਣ ਚਲੀ ਗਈ।
ਸਦਰਲੈਂਡ ਸਪਰਿੰਗਜ਼ ਦੇ ਫਰਸਟ ਬੈਪਟਿਸਟ ਚਰਚ ਉੱਤੇ ਹੋਏ ਇਸ ਅਚਨਚੇਤੀ ਹਮਲੇ ਵਿੱਚ ਕਿੰਨੇ ਲੋਕ ਮਾਰੇ ਗਏ ਇਸ ਦਾ ਪਹਿਲਾਂ ਪਤਾ ਨਹੀਂ ਸੀ ਲੱਗ ਪਾ ਰਿਹਾ ਪਰ ਜਾਂਚ ਕਰ ਰਹੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਗੋਲੀਕਾਂਡ ਵਿੱਚ 26 ਤੋਂ ਵੱਧ ਲੋਕ ਮਾਰੇ ਗਏ ਹਨ ਤੇ 20 ਲੋਕ ਜ਼ਖ਼ਮੀ ਹੋ ਗਏ ਹਨ। ਅਧਿਕਾਰੀ ਨੇ ਇਹ ਵੀ ਆਖਿਆ ਕਿ ਜਾਂਚ ਅਜੇ ਮੁੱਢਲੇ ਪੜਾਅ ਉੱਤੇ ਹੈ ਤੇ ਇਨ੍ਹਾਂ ਅੰਕੜਿਆਂ ਵਿੱਚ ਤਬਦੀਲੀ ਵੀ ਹੋ ਸਕਦੀ ਹੈ।
ਅਧਿਕਾਰੀ ਨੇ ਇਹ ਵੀ ਦੱਸਿਆ ਕਿ ਬੰਦੂਕਧਾਰੀ ਵਿਅਕਤੀ ਨੇ ਹਮਲੇ ਮਗਰੋਂ ਇੱਕ ਗੱਡੀ ਵਿੱਚ ਭੱਜਣ ਦੀ ਕੋਸਿ਼ਸ਼ ਵੀ ਕੀਤੀ ਤੇ ਮਾਰਿਆ ਗਿਆ। ਸੈਨ ਓਨਟੋਨੀਓ ਤੋਂ 30 ਮੀਲ ਦੀ ਦੂਰੀ ਉੱਤੇ ਦੱਖਣ ਪੂਰਬ ਵਿੱਚ ਸਥਿਤ ਇੱਕ ਨਿੱਕੀ ਜਿਹੀ ਕਮਿਊਨਿਟੀ ਵਿੱਚ ਹਮਲੇ ਤੋਂ ਤੁਰੰਤ ਬਾਅਦ ਸਹਿਯੋਗ ਦੇਣ ਲਈ ਫੈਡਰਲ ਪੁਲਿਸ ਅਧਿਕਾਰੀ ਫਟਾਫਟ ਪਹੁੰਚ ਗਏ। ਉਨ੍ਹਾਂ ਦੇ ਨਾਲ ਏਟੀਐਫ ਜਾਂਚਕਾਰ ਤੇ ਐਫਬੀਆਈ ਦੀ ਸਬੂਤ ਇੱਕਠਾ ਕਰਨ ਵਾਲੀ ਟੀਮ ਦੇ ਮੈਂਬਰ ਵੀ ਸ਼ਾਮਲ ਸਨ।