ਅਮਰੀਕਾ ਵਸਣ ਦੀ ਚਾਅ ਨੇ 9 ਜਾਣਿਆਂ ਦੀ ਲਈ ਜਾਨ..
ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ 20 ਹੋਰ ਵਿਅਕਤੀਆਂ ਨੂੰ ਕਾਫੀ ਤਰਸਯੋਗ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ਦਾਖਲ ਕਰਵਾਏ ਗਏ ਵਿਅਕਤੀਆਂ ਨੂੰ ਡੀਹਾਈਡ੍ਰੇਸ਼ਨ ਹੋ ਚੁੱਕੀ ਸੀ ਤੇ ਕਈਆਂ ਨੂੰ ਹੀਟਸਟ੍ਰੋਕ ਹੋ ਚੁੱਕਿਆ ਸੀ। ਸੈਨ ਐਂਟੋਨੀਓ ਦੇ ਪੁਲਿਸ ਮੁਖੀ ਵਿਲੀਅਮ ਮੈਕਮੈਨਸ ਨੇ ਇਸ ਨੂੰ ਦਿਲ ਦਹਿਲਾ ਦੇਣ ਵਾਲੀ ਤ੍ਰਾਸਦੀ ਦੱਸਦਿਆਂ ਮਨੁੱਖੀ ਸਮਗਲਿੰਗ ਦਾ ਮਾਮਲਾ ਦੱਸਿਆ।
ਸੈਨ ਐਂਟੋਨੀਓ : ਟੈਕਸਸ ਦੀ ਭਖਵੀਂ ਗਰਮੀ ਵਿੱਚ ਵਾਲਮਾਰਟ ਦੇ ਬਾਹਰ ਪਾਰਕ ਕੀਤੇ ਇੱਕ ਤਪਦੇ ਹੋਏ ਟਰੈਕਟਰ ਟਰੇਲਰ ਵਿੱਚ ਤੂੜੇ ਵਿਅਕਤੀਆਂ ਵਿੱਚੋਂ ਘੱਟੋ ਘੱਟ ਨੌਂ ਦੀ ਮੌਤ ਹੋ ਗਈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੋਈ ਇਮੀਗ੍ਰੈਂਟਸ ਦੀ ਸਮਗਲਿੰਗ ਦਾ ਮਾਮਲਾ ਲੱਗਦਾ ਸੀ ਜਿਸ ਵਿੱਚ ਗੜਬੜੀ ਹੋ ਗਈ।
ਅਧਿਕਾਰੀਆਂ ਨੂੰ ਸ਼ਨਿੱਚਰਵਾਰ ਰਾਤੀਂ ਜਾਂ ਐਤਵਾਰ ਤੜ੍ਹਕੇ ਫੋਨ ਕਰਕੇ ਸੱਦਿਆ ਗਿਆ। ਟਰੱਕ ਵਿੱਚ ਅੱਠ ਵਿਅਕਤੀ ਮ੍ਰਿਤਕ ਪਾਏ ਗਏ। ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੀ ਤਰਜ਼ਮਾਨ ਲਿਜ਼ ਜੌਹਨਸਨ ਨੇ ਦੱਸਿਆ ਕਿ ਨੌਵੇਂ ਵਿਅਕਤੀ ਦੀ ਮੌਤ ਹਸਪਤਾਲ ਵਿੱਚ ਹੋਈ। ਸੈਨ ਐਂਟੋਨੀਓ ਦੇ ਫਾਇਰ ਚੀਫ ਚਾਰਲਸ ਹੁੱਡ ਨੇ ਦੱਸਿਆ ਕਿ ਇਨ੍ਹਾਂ ਸਾਰੇ ਵਿਅਕਤੀਆਂ ਦੇ ਸ਼ਰੀਰ ਬਾਹਰੋਂ ਹੀ ਕਾਫੀ ਭਖੇ ਪਏ ਸਨ। ਇਨ੍ਹਾਂ ਵਿਅਕਤੀਆਂ ਨੂੰ ਖਾਣਾ ਤਾਂ ਦੂਰ ਬਿਨਾਂ ਪਾਣੀ ਤੋਂ ਹੀ ਟਰੇਲਰ ਵਿੱਚ ਬੰਦ ਕਰਕੇ ਰੱਖਿਆ ਗਿਆ ਸੀ।
ਬਚੇ ਹੋਏ ਕੁੱਝ ਵਿਅਕਤੀਆਂ ਨੇ ਦੱਸਿਆ ਕਿ ਉਹ ਮੈਕਸਿਕੋ ਤੋਂ ਹਨ ਤੇ ਚਾਰਾਂ ਦੀ ਉਮਰ 10 ਤੋਂ 17 ਸਾਲ ਦਰਮਿਆਨ ਸੀ। ਜਾਂਚਕਾਰਾਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਸ ਟਰੈਕਟਰ ਟਰੇਲਰ ਦੇ ਸਫਰ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਤੇ ਇਹ ਕਿੱਧਰ ਜਾ ਰਿਹਾ ਸੀ।
ਆਈਸੀਈ ਦੇ ਕਾਰਜਕਾਰੀ ਡਾਇਰੈਕਟਰ ਥਾਮਸ ਹੋਮਨ ਨੇ ਦੱਸਿਆ ਕਿ ਸੈਨ ਐਂਟੋਨੀਓ ਤ੍ਰਾਸਦੀ ਵਿੱਚੋਂ ਬਚੇ ਵਿਅਕਤੀਆਂ ਨਾਲ ਕੀਤੀ ਗਈ ਇੰਟਰਵਿਉ ਤੋਂ ਇਹੋ ਸਾਹਮਣੇ ਆਇਆ ਕਿ ਜਦੋਂ ਉਨ੍ਹਾਂ ਸਫਰ ਦੀ ਸ਼ੁਰੂਆਤ ਕੀਤੀ ਸੀ ਤਾਂ ਇਸ 18 ਟਾਇਰਾਂ ਵਾਲੇ ਟਰੇਲਰ ਵਿੱਚ 100 ਤੋਂ ਵੀ ਵੱਧ ਲੋਕ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ 39 ਲੋਕ ਉਦੋਂ ਵੀ ਟਰੇਲਰ ਵਿੱਚ ਸਵਾਰ ਸਨ ਜਦੋਂ ਬਚਾਅਕਾਰੀ ਮੌਕੇ ਉੱਤੇ ਪਹੁੰਚੇ ਤੇ ਬਾਕੀ ਟੈਕਸਸ ਪਹੁੰਚਣ ਤੋਂ ਪਹਿਲਾਂ ਆਪੋ ਆਪਣੀ ਮੰਜਿ਼ਲ ਉੱਤੇ ਉਤਰ ਗਏ।
ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਕਿ ਟਰੇਲਰ ਤਾਲਾਬੰਦ ਸੀ ਪਰ ਉਨ੍ਹਾਂ ਦੱਸਿਆ ਕਿ ਉਸ ਦੇ ਅੰਦਰ ਏਅਰ ਕੰਡਿਸ਼ਨਰ ਵੀ ਕੰਮ ਨਹੀਂ ਸੀ ਕਰ ਰਿਹਾ। ਇਹ ਤਾਂ ਮਨੁੱਖੀ ਸਮਗਲਿੰਗ ਟਰੱਕ ਰਾਹੀਂ ਕੀਤੀ ਜਾ ਰਹੀ ਸੀ ਜੋ ਇੱਕ ਤ੍ਰਾਸਦੀ ਵਿੱਚ ਖਤਮ ਹੋਈ। ਇਸੇ ਤਰ੍ਹਾਂ ਦੀ ਇੱਕ ਘਟਨਾ 2003 ਵਿੱਚ ਵਿਕਟੋਰੀਆ, ਟੈਕਸਸ ਵਿੱਚ ਵਾਪਰੀ ਸੀ ਜਦੋਂ ਇਸੇ ਤਰ੍ਹਾਂ ਇੱਕ ਟਰੱਕ ਵਿੱਚ ਬੰਦ ਕੀਤੇ 19 ਇਮੀਗ੍ਰੈਂਟਸ ਦੀ ਮੌਤ ਹੋ ਗਈ ਸੀ।