ਚੀਨ 'ਚ ਰਾਸ਼ਟਰੀ ਗੀਤ ਦੇ ਅਪਮਾਨ 'ਤੇ ਤਿੰਨ ਸਾਲ ਦੀ ਸਜ਼ਾ
ਨਵੇਂ ਕਾਨੂੰਨ ਦੇ ਬਾਰੇ ਵਿਚ ਚੀਨ ਦੇ ਮਸ਼ਹੂਰ ਸੰਗੀਤਕਾਰ ਫੁਜਾਈ ਨੇ ਕਿਹਾ ਕਿ ਰਾਸ਼ਟਰੀ ਗੀਤ ਹੋਰ ਗੀਤਾਂ ਤੋਂ ਵੱਖਰਾ ਹੈ ਕਿਉਂਕਿ ਇਹ ਦੇਸ਼ ਦਾ ਪ੍ਰਤੀਕ ਹੈ। ਇਸ ਦੇ ਸ਼ਬਦਾਂ ਵਿਚ ਕਿਸੇ ਤਰ੍ਹਾਂ ਦੀ ਛੇੜਛਾੜ ਕਰਨਾ ਗ਼ਲਤ ਹੈ। ਕਾਨੂੰਨ ਜ਼ਿਆਦਾ ਸਖ਼ਤ ਹੋਵੇਗਾ ਤਾਂ ਲੋਕ ਇਸ ਨੂੰ ਗਾਉਂਦੇ ਜਾਂ ਵਜਾਉਂਦੇ ਸਮੇਂ ਜ਼ਿਆਦਾ ਗੰਭੀਰ ਹੋਣਗੇ।
ਸੋਧ ਪ੍ਰਸਤਾਵ ਵਿਚ ਇਹ ਵੀ ਕਿਹਾ ਗਿਆ ਕਿ ਰਾਸ਼ਟਰੀ ਗੀਤ ਕੇਵਲ ਰਾਜਨੀਤਕ ਬੈਠਕ, ਸੰਸਦ ਦੇ ਇਜਲਾਸ ਦੀ ਸ਼ੁਰੂਆਤ ਅਤੇ ਸਮਾਪਤੀ, ਸਹੁੰ ਚੁੱਕਣ, ਝੰਡਾ ਲਹਿਰਾਉਣ ਅਤੇ ਸਨਮਾਨ ਸਮਾਰੋਹ ਸਹਿਤ ਵਿਸ਼ੇਸ਼ ਮੌਕੇ 'ਤੇ ਗਾਉਣ ਦੀ ਇਜਾਜ਼ਤ ਹੋਵੇਗੀ। ਅੰਤਿਮ ਸਸਕਾਰ, ਨਿੱਜੀ ਸਮਾਰੋਹ ਜਾਂ ਸਰਵਜਨਿਕ ਥਾਵਾਂ 'ਤੇ ਰਾਸ਼ਟਰੀ ਗੀਤ ਵਜਾਉਣਾ ਗ਼ੈਰ-ਕਾਨੂੰਨੀ ਹੋਵੇਗਾ। ਪਾਠ ਪੁਸਤਕਾਂ ਵਿਚ ਰਾਸ਼ਟਰੀ ਗੀਤ ਦਾ ਪ੍ਰਕਾਸ਼ਨ ਲਾਜ਼ਮੀ ਰੂਪ ਵਿਚ ਕਰਨਾ ਹੋਵੇਗਾ।
ਪਿਛਲੇ ਦਸੰਬਰ ਵਿਚ ਚੀਨ ਦੀ ਸੰਸਦ ਨੇ ਇਕ ਕਾਨੂੰਨ ਪਾਸ ਕੀਤਾ ਸੀ ਜਿਸ ਅਨੁਸਾਰ ਰਾਸ਼ਟਰੀ ਗੀਤ ਦੇ ਸ਼ਬਦਾਂ ਨਾਲ ਛੇੜਛਾੜ ਕਰਨ ਜਾਂ ਉਸ ਦਾ ਅਪਮਾਨ ਕਰਨ 'ਤੇ 15 ਦਿਨਾਂ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਬੀਜਿੰਗ : ਰਾਸ਼ਟਰੀ ਗੀਤ ਦੇ ਅਪਮਾਨ ਨਾਲ ਸਬੰਧਿਤ ਆਪਣੇ ਕਾਨੂੰਨ ਨੂੰ ਚੀਨ ਹੋਰ ਸਖ਼ਤ ਕਰਨ ਜਾ ਰਿਹਾ ਹੈ। ਰਾਸ਼ਟਰੀ ਗੀਤ ਦੇ ਅਪਮਾਨ 'ਤੇ ਹੁਣ 15 ਦਿਨਾਂ ਦੀ ਥਾਂ ਤਿੰਨ ਸਾਲ ਤਕ ਜੇਲ੍ਹ ਦੀ ਸਜ਼ਾ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਸਬੰਧਿਤ ਕਾਨੂੰਨ 'ਚ ਸੋਧ ਨਾਲ ਜੁੜਿਆ ਪ੍ਰਸਤਾਵ ਸੋਮਵਾਰ ਤੋਂ ਸ਼ੁਰੂ ਹੋਈ ਨੈਸ਼ਨਲ ਪੀਪਲਜ਼ ਕਾਂਗਰਸ ਦੀ ਬੈਠਕ ਵਿਚ ਐੱਮਪੀਜ਼ ਦੇ ਸਾਹਮਣੇ ਵਿਚਾਰ-ਵਟਾਂਦਰੇ ਲਈ ਰੱਖਿਆ ਜਾਵੇਗਾ।