30 ਤੋਂ ਵੱਧ ਔਰਤਾਂ ਨੂੰ ਐੱਚ ਆਈ ਵੀ ਪੀੜਤ ਕਰਨ ਵਾਲੇ ਨੂੰ 24 ਸਾਲ ਜੇਲ੍ਹ
ਪੇਸ਼ੇ ਵਜੋਂ ਅਕਾਊਂਟੈਂਟ 33 ਸਾਲ ਦੇ ਵੈਲੇਂਟਿਨੋ ਤਲੁਟੋ ਨੇ ਲਗਭਗ ਇੱਕ ਦਹਾਕੇ ਵਿੱਚ ਦਰਜਨਾਂ ਔਰਤਾਂ ਨੂੰ ਸੋਸ਼ਲ ਨੈੱਟਵਰਕ ਰਾਹੀਂ ਆਪਣੇ ਜਾਲ ਵਿੱਚ ਫਸਾਇਆ ਅਤੇ ਉਨ੍ਹਾਂ ਨਾਲ ਅਸੁਰੱਖਿਅਤ ਸੈਕਸ ਕੀਤਾ। ਨਵੰਬਰ 2015 ਵਿੱਚ ਤਲੁਟੋ ਨੂੰ ਗ੍ਰਿਫਤਾਰ ਕੀਤਾ ਗਿਆ।
ਰੋਮ- ਤੀਹ ਤੋਂ ਵੱਧ ਔਰਤਾਂ ਨੂੰ ਐੱਚ ਆਈ ਵੀ ਵਾਇਰਸ ਨਾਲ ਪੀੜਤ ਕਰਨ ਵਾਲੇ ਇਟਲੀ ਦੇ ਇੱਕ ਸ਼ਖਸ ਨੂੰ ਸ਼ੁੱਕਰਵਾਰ ਨੂੰ 24 ਸਲ ਦੀ ਸਜ਼ਾ ਸੁਣਾਈ ਗਈ। ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਸ਼ਖਸ ਨੇ ਇਹ ਜਾਣਦੇ ਹੋਏ ਕਿ ਉਹ ਐੱਚ ਆਈ ਵੀ ਪਾਜ਼ੀਟਿਵ ਹੈ, ਔਰਤਾਂ ਨਾਲ ਅਣ ਸੁਰੱਖਿਅਤ ਸੈਕਸ ਸੰਬੰਧ ਸਥਾਪਤ ਕੀਤੇ ਅਤੇ ਉਨ੍ਹਾਂ ਨੂੰ ਐੱਚ ਆਈ ਵੀ ਪੀੜਤ ਕਰ ਦਿੱਤਾ।
ਪੁਲਿਸ ਦਾ ਮੰਨਣਾ ਹੈ ਕਿ ਉਸ ਨੇ ਘੱਟ ਤੋਂ ਘੱਟ 53 ਔਰਤਾਂ ਨਾਲ ਸੈਕਸ ਕੀਤਾ, ਜਿਨ੍ਹਾਂ ਵਿੱਚੋਂ 32 ਐੱਚ ਆਈ ਵੀ ਨਾਲ ਪੀੜਤ ਹੋ ਗਈਆਂ। ਇਨ੍ਹਾਂ ਤੋਂ ਇਲਾਵਾ ਇੱਕ ਔਰਤ ਦਾ ਅੱਠ ਮਹੀਨੇ ਦਾ ਬੱਚਾ ਵੀ ਐੱਚ ਆਈ ਵੀ ਪੀੜਤ ਹੋ ਗਿਆ।
ਤਲੁਟੋ ਜ਼ਿਆਦਾਤਰ ਔਰਤਾਂ ਨਾਲ ਸੈਕਸ ਦੌਰਾਨ ਕੰਡੋਮ ਨਾ ਲਾਉਣ ਦਾ ਬਹਾਨਾ ਬਣਾਉਂਦਾ ਸੀ ਅਤੇ ਆਪਣੀਆਂ ਪਾਰਟਨਰਾਂ ਨੂੰ ਕਹਿੰਦਾ ਸੀ ਕਿ ਉਸ ਨੂੰ ਕੰਡੋਮ ਤੋਂ ਐਲਰਜ਼ੀ ਹੈ।