ਮੁੰਡਿਆਂ ਦੀ ਲੋਹੜੀ 'ਤੇ ਇੰਨਾ ਪੰਜਾਬੀ ਮੁਟਿਆਰਾਂ ਦੇ ਦੁਨੀਆਂ 'ਚ ਚਰਚੇ
ਨਵਜੋਤ ਕੌਰ ਅਤੇ ਪਰਮਿੰਦਰ ਕੌਰ ਪਿਛਲੇ ਸਾਲ ਅਕਤੂਬਰ ਨਵੰਬਰ ਤੋਂ ਇਸ ਖੇਤਰ ਵਿਚ ਆਈਆਂ ਹਨ ਜਦਕਿ ਬਲਜੀਤ ਕੌਰ ਪਿਛਲੀ ਫਰਵਰੀ ਤੋਂ ਹੀ ਸਕਾਨੀਆਂ ਬੱਸ ਚਲਾ ਰਹੇ ਹਨ। ਬਲਜੀਤ ਕੌਰ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਬਿਜ਼ਨਸ ਲੈਵਲ 6 ਦੀ ਪੜ੍ਹਾਈ ਵੀ ਕੀਤੀ ਹੋਈ ਹੈ ਅਤੇ ਉਹ ਪਿੰਡ ਰਾਮੂਵਾਲਾ ਕਲਾਂ (ਮੋਗਾ) ਤੋਂ ਇਥੇ 2011 ਦੇ ਵਿਚ ਪੜ੍ਹਨ ਆਈ ਸੀ। ਪਹਿਲਾਂ ਕੋਈ ਹੋਰ ਕੰਮ ਕੀਤਾ। ਮਿਹਨਤ ਕੀਤੀ, ਪੱਕੀ ਵਸਨੀਕ ਬਣੀ ਅਤੇ ਅੱਜ ਪਰਿਵਾਰ ਸਮੇਤ ਇਥੇ ਰਹਿ ਰਹੀ ਹੈ। ਉਸ ਦਾ ਕਹਿਣਾ ਹੈ ਕਿ ਮੇਰਾ ਪਰਿਵਾਰ ਪੰਜਾਬ ਦੇ ਵਿਚ ਵੀ ਟਰਾਂਸਪੋਰਟ ਦਾ ਹੀ ਕੰਮ ਕਰਦਾ ਹੈ ਅਤੇ ਕਿਤੇ ਨਾ ਕਿਤੇ ਉਸ ਦਾ ਪ੍ਰਭਾਵ ਵੀ ਇਸ ਕੰਮ ਦੀ ਚੋਣ 'ਤੇ ਹੈ।
ਆਕਲੈਂਡ : ਅੱਜ ਜਿਥੇ ਪੰਜਾਬ ਵਿਚ ਮੁੰਡਿਆਂ ਦੀ ਲੋਹੜੀ ਮਨਾਈ ਜਾ ਰਹੀ ਉੱਥੇ ਹੀ ਪੰਜਾਬੀ ਕੁੜੀਆਂ ਨਿਊਜ਼ੀਲੈਂਡ ਵਿੱਚ ਮੱਲਾਂ ਮਾਰ ਰਹੀਆਂ ਹਨ। ਇਨ੍ਹਾਂ ਪੰਜਾਬੀ ਕੁੜੀਆਂ ਨੇ ਭਾਰਤ ਦੀ ਰੂੜ੍ਹੀਵਾਦੀ ਸੋਚ ਤੋਂ ਉਪਰ ਉਠ ਕੇ ਵਿਦੇਸ਼ਾਂ ਦੇ ਵਿਚ ਟੈਕਸੀ ਚਾਲਕ, ਜਹਾਜ਼ ਪਾਇਲਟ ਅਤੇ ਬੱਸ ਡ੍ਰਾਈਵਿੰਗ ਦੇ ਵਿਚ ਕਾਮਯਾਬੀ ਹਾਸਿਲ ਕੀਤੀ।
ਅੱਜ ਕੱਲ੍ਹ ਤਿੰਨ ਪੰਜਾਬੀ ਕੁੜੀਆਂ ਪਰਮਿੰਦਰ ਕੌਰ, ਨਵਜੋਤ ਕੌਰ ਅਤੇ ਬਲਜੀਤ ਕੌਰ 'ਐਨ. ਜ਼ੈੱਡ. ਬੱਸ' ਕੰਪਨੀ ਦੇ ਵਿਚ ਡ੍ਰਾਈਵਰ ਬਣ ਕੇ ਕਮਿਊਨਿਟੀ ਲਈ ਮਾਨ ਵਾਲੀ ਗੱਲ ਸਾਬਿਤ ਹੋ ਰਹੀਆਂ ਹਨ। ਇਨ੍ਹਾਂ ਕੁੜੀਆਂ ਨੇ ਹੁਣ ਵੱਡੀਆਂ ਸਕਾਨੀਆਂ ਬੱਸਾਂ ਦਾ ਸਟੇਅਰਿੰਗ ਸੰਭਾਲ ਲਿਆ ਹੈ।
ਨਿਊਜ਼ੀਲੈਂਡ ਵਿਚ ਭਾਵੇਂ ਇਕ ਪੰਜਾਬੀ 2007 ਵਿਚ ਬੱਸ ਡ੍ਰਾਈਵਿੰਗ ਦੇ ਖੇਤਰ ਵਿਚ ਆ ਗਈ ਸੀ ਪਰ ਹੁਣ ਨੌਜਵਾਨ ਕੁੜੀਆਂ ਨੇ ਵੀ ਇਸ ਪਾਸੇ ਰਫ਼ਤਾਰ ਫੜ ਲਈ ਹੈ। ਇਥੇ ਜਨਤਕ ਟ੍ਰਾਂਸਪੋਰਟ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਬੱਸਾਂ ਦੀ ਗਿਣਤੀ ਅਤੇ ਰੂਟ ਵਧਾ ਰਹੀ ਹੈ ਜਿਸ ਕਾਰਨ ਨੌਕਰੀਆਂ ਦੇ ਮੌਕੇ ਜ਼ਿਆਦਾ ਪੈਦਾ ਹੋ ਰਹੇ ਹਨ।
ਨਿਊਜ਼ੀਲੈਂਡ ਵਿਚ ਭਾਰਤੀ ਔਰਤਾਂ ਵੱਲੋਂ ਟੈਕਸੀ ਚਲਾਉਣ ਦਾ ਕੰਮ ਦਹਾਕਿਆਂ ਪਹਿਲਾਂ ਸਿੰਮੀ ਸ਼ਰਮਾ ਨੇ ਸ਼ੁਰੂ ਕਰ ਲਿਆ ਸੀ ਫਿਰ ਰੇਖਾ ਵਧਵਾ ਤੇ ਹੁਣ ਕੁਝ ਹੋਰ ਔਰਤਾਂ ਦੇ ਨਾਂਅ ਸ਼ਾਮਿਲ ਹੋ ਚੁੱਕੇ ਹਨ।