ਫਲੋਰੀਡਾ 'ਚ ਇਰਮਾ ਤੂਫ਼ਾਨ ਨਾਲ ਹਰ ਪਾਸੇ ਤਬਾਹੀ ਦਾ ਮੰਜ਼ਰ
ਮਿਆਮੀ : ਅਮਰੀਕਾ ਦੇ ਫਲੋਰੀਡਾ ਸੂਬੇ 'ਚੋਂ ਚੱਕਰਵਾਤੀ ਤੂਫ਼ਾਨ ਇਰਮਾ ਦੇ ਲੰਘਣ ਤੋਂ ਬਾਅਦ ਹੁਣ ਰਾਹਤ ਤੇ ਬਚਾਅ ਨਾਲ ਨੁਕਸਾਨ ਦੇ ਜਾਇਜ਼ੇ ਦਾ ਕੰਮ ਸ਼ੁਰੂ ਹੋ ਗਿਆ ਹੈ
210 ਕਿਲੋਮੀਟਰ ਪ੫ਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਕੀਜ ਟਾਪੂ 'ਤੇ ਪਾਣੀ ਤੇ ਈਂਧਨ ਦੀ ਸਪਲਾਈ ਠੱਪ ਹੈ। ਤਿੰਨੋਂ ਵੱਡੇ ਹਸਪਤਾਲ ਬੰਦ ਹਨ।
ਤੱਟੀ ਇਲਾਕਿਆਂ 'ਚ ਹਰ ਪਾਸੇ ਤਬਾਹੀ ਦਾ ਮੰਜ਼ਰ ਹੈ। ਤੂਫ਼ਾਨ ਆਪਣੇ ਪਿੱਛੇ ਬਰਬਾਦੀ ਦੀਆਂ ਨਿਸ਼ਾਨੀਆਂ ਛੱਡ ਗਿਆ ਹੈ।
ਤੂਫ਼ਾਨ ਕਾਰਨ ਫਲੋਰੀਡਾ 'ਚ ਛੇ ਲੋਕਾਂ, ਜਾਰਜੀਆ 'ਚ ਤਿੰਨ ਤੇ ਸਾਊਥ ਕੈਰੋਲੀਨਾ 'ਚ ਇਕ ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਹੈ।
ਇਸ ਇਲਾਕੇ ਦਾ ਸੋਮਵਾਰ ਨੂੰ ਹਵਾਈ ਸਰਵੇਖਣ ਕਰਨ ਤੋਂ ਬਾਅਦ ਫਲੋਰੀਡਾ ਦੇ ਗਵਰਨਰ ਰਿਕ ਸਟਾਕ ਨੇ ਕਿਹਾ ਕਿ ਇਹ ਤਬਾਹਕਾਰੀ ਹੈ।
ਤੂਫ਼ਾਨ ਦੇ ਖ਼ਤਰੇ ਨੂੰ ਵੇਖਦਿਆਂ ਫਲੋਰੀਡਾ 'ਚ ਕਰੀਬ 60 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਲਈ ਕਿਹਾ ਗਿਆ ਸੀ।
ਮੌਸਮ ਮਾਹਿਰਾਂ ਨੇ ਇਹ ਸ਼ੱਕ ਪ੍ਰਗਟਾਇਆ ਸੀ ਕਿ ਤੂਫ਼ਾਨ ਨਾਲ ਕੀਜ ਤਬਾਹ ਹੋ ਜਾਵੇਗਾ। ਇਹ ਤੂਫ਼ਾਨ ਜਦੋਂ ਕੀਜ ਨਾਲ ਟਕਰਾਇਆ ਸੀ ਤਾਂ ਉਸ ਸਮੇਂ ਇਸ ਨੂੰ ਸ਼੍ਰੇਣੀ ਚਾਰ 'ਚ ਰੱਖਿਆ ਗਿਆ ਸੀ।
ਕੈਰੇਬਿਆਈ ਖੇਤਰ 'ਚ ਤਬਾਹੀ ਮਚਾਉਣ ਤੋਂ ਬਾਅਦ ਇਰਮਾ ਐਤਵਾਰ ਸਵੇਰੇ ਸੂਬੇ ਦੇ ਟਾਪੂ ਫਲੋਰੀਡਾ ਕੀਜ ਨਾਲ ਟਕਰਾਇਆ ਸੀ।
ਹਾਲੇ ਇਹ ਦੱਸਣਾ ਮੁਸ਼ਕਿਲ ਹੈ ਕਿ ਕਿੰਨਾ ਨੁਕਸਾਨ ਹੋਇਆ? ਸੂਬੇ ਦੀ ਦੋ ਤਿਹਾਈ ਆਬਾਦੀ ਯਾਨੀ 1.3 ਕਰੋੜ ਲੋਕ ਬਿਨਾਂ ਬਿਜਲੀ ਦੇ ਹਨ। ਸੂਬੇ ਦੇ ਕਰੀਬ ਹਰ ਕੋਨੇ 'ਤੇ ਇਰਮਾ ਦੇ ਅਸਰ ਨੂੰ ਵੇਖਿਆ ਜਾ ਸਕਦਾ ਹੈ।
ਰਾਹਤ ਤੇ ਬਚਾਅ ਕਾਰਜ ਲਈ ਜਲ ਸੈਨਾ ਦਾ ਇਕ ਜੰਗੀ ਬੇੜਾ ਵੀ ਪਹੁੰਚਣ ਵਾਲਾ ਹੈ। ਗਵਰਨਰ ਨੇ ਦੱਸਿਆ ਕਿ ਮੋਬਾਈਲ ਘਰ ਤੇ ਤੱਟਾਂ 'ਤੇ ਕਿਸ਼ਤੀਆਂ ਨਸ਼ਟ ਹੋ ਗਈਆਂ ਹਨ।