ਸਾਊਦੀ ਦੀ ਰਾਜਕੁਮਾਰੀ ਨੂੰ ਫੋਟੋ ਖਿਚਵਾਉਣੀ ਪਈ ਮਹਿੰਗੀ
ਰਿਆਧ: ਸਾਊਦੀ ਅਰਬ ਦੀ ਰਾਜਕੁਮਾਰੀ ਦੀ ਤਾਜ਼ਾ ਤਸਵੀਰ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਇਹ ਤਸਵੀਰ ਉਸ ਨੇ ਵੋਗ ਮੈਗਜ਼ੀਨ ਲਈ ਖਿਚਵਾਈ ਸੀ ਜਿਸ ਵਿੱਚ ਉਹ ਲਾਲ ਰੰਗ ਦੀ ਕਨਵਰਟੀਬਲ ਕਾਰ ਦੀ ਸੀਟ ’ਤੇ ਬੈਠੀ ਹੋਈ ਹੈ। ਇਸ ਤਸਵੀਰ ਦੇ ਆਉਣ ਪਿੱਛੋਂ ਬਹਿਸ ਸ਼ੁਰੂ ਹੋ ਗਈ ਹੈ ਕਿ ਜਦੋਂ ਮਹਿਲਾ ਅਧਿਕਾਰ ਵਰਕਰਾਂ ਅਜਿਹੀ ਮੰਗ ਕਰ ਰਹੀਆਂ ਸਨ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਕੀਤਾ ਗਿਆ ਸੀ।
ਇਸ ਅੰਕ ਵਿੱਚ ਮੈਗਜ਼ੀਨ ਨੇ ਦੇਸ਼ ਦੀਆਂ ਉਨ੍ਹਾਂ ਮਹਿਲਾਵਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦੇਸ਼ ਨੂੰ ਰਾਹ ਦਿਖਾਉਣ ਦੀ ਕੰਮ ਕੀਤਾ ਹੈ। ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਉਨ੍ਹਾਂ ਫ਼ੈਸਲਿਆਂ ਦੀ ਵੀ ਪ੍ਰਸ਼ੰਸਾ ਕੀਤੀ ਗਈ ਹੈ ਜਿਸ ਨਾਲ ਦੇਸ਼ ਦੇ ਲੋਕਾਂ ਦੇ ਜੀਵਨ ਵਿੱਚ ਬਦਲਾਅ ਆਇਆ ਹੈ।
ਪ੍ਰਿਸਿੰਸ ਹਾਈਫ਼ਾ ਬਿਨ ਅਬਦੁੱਲਾ ਨੇ ਇਸ ਤਸਵੀਰ ਵਿੱਚ ਲੈਦਰ ਦੇ ਦਸਤਾਨੇ ਪਾਏ ਹਨ। ਹਾਈ ਹੀਲਜ਼ ਹਾਈ ਅਬਦੁੱਲਾ ਦੀ ਇਹ ਤਸਵੀਰ ਵੋਗ ਮੈਗਜ਼ੀਨ ਦੇ ਅਰਬ ਐਡੀਸ਼ਨ ਦੇ ਜੂਨ ਮਹੀਨੇ ਦੇ ਅੰਕ ਦੇ ਪਹਿਲੇ ਪੰਨੇ ’ਤੇ ਛਪੀ ਹੈ। ਇਹ ਫੋਟੋਸ਼ੂਟ ਜੇਦਾੱਹ ਦੇ ਰੇਗਿਸਤਾਨ ਵਿੱਚ ਕੀਤਾ ਗਿਆ ਹੈ।
ਇਸ ਤਸਵੀਰ ਦਾ ਵਿਰੋਧ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਸਾਊਦੀ ਅਰਬ ਵਿੱਚ ਮਹਿਲਾ ਅਧਿਕਾਰਾਂ ਲਈ ਲੜ ਰਹੀਆਂ 11 ਮਹਿਲਾਵਾਂ ਨੂੰ ਮਈ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਦੀ ਮੰਗ ਸੀ ਕਿ ਦੇਸ਼ ਦੀਆਂ ਮਹਿਲਾਵਾਂ ਨੂੰ ਵਾਹਨ ਚਲਾਉਣ ’ਤੇ ਲੱਗੀ ਪਾਬੰਧੀ ਹਟਾਈ ਜਾਵੇ ਤੇ ਮਰਦਾਂ ਨੂੰ ਮਿਲਿਆ ਗਾਰਜੀਅਨ ਦਾ ਰੋਲ ਖ਼ਤਮ ਕੀਤਾ ਜਾਵੇ। ਪ੍ਰਿੰਸਿਸ ਹਾਈਫਾ ਨੇ ਇਸ ਸਬੰਧੀ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿੱਚ ਕੁਝ ਰੂੜੀਵਾਦੀ ਹਨ ਜੋ ਬਦਲਾਅ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਅਜੇ ਦੁਨੀਆ ਨਹੀਂ ਵੇਖੀ।